ਲੁਧਿਆਣਾ: ਪਿੰਡ ਮੁੱਲਾਂਪੁਰ ’ਚ ਸ਼ਾਮ ਨੂੰ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ ਜਦੋਂ 7 ਸਾਲਾ ਬੱਚੇ ਨੂੰ ਟਰੱਕ ਨੇ ਕੁਚਲ ਦਿੱਤਾ ਅਤੇ ਮਾਂ ਬਾਪ ਦਾ ਪੁੱਤ ਰੀਬਾਨ ਸਿੰਘ ਇਸ ਦੁਨੀਆ ਤੋਂ ਰੁਖਸਤ ਹੋ ਗਿਆ।
ਭੈਣ ਨੂੰ ਸਾਇਕਲ 'ਤੇ ਲੈਣ ਜਾਣ ਲੱਗੇ ਵਾਪਰਿਆ ਹਾਦਸਾ
ਪਿੰਡ ਦੇ ਵਸਨੀਕ ਹਰਦੇਵ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਕੰਵਰ ਨੌਨਿਹਾਲ ਸਿੰਘ ਉਰਫ ਰਵੀ ਹਾਂਸ ਦਾ 7 ਸਾਲ ਦਾ ਬੇਟਾ ਰੀਬਾਨ ਸਿੰਘ ਆਪਣੀ ਭੈਣ ਜੈਬੀਨ ਕੌਰ ਨੂੰ ਆਪਣੇ ਦੂਸਰੇ ਘਰੋਂ ਸਾਈਕਲ ’ਤੇ ਸਵਾਰ ਹੋ ਕੇ ਖੇਡਣ ਵਾਸਤੇ ਸੱਦਣ ਲਈ ਗਿਆ ਸੀ। ਪਰ ਜਦੋਂ ਉਹ ਗਲੀ ਵਿੱਚੋਂ ਬਾਹਰ ਸੜਕ ’ਤੇ ਚੜ੍ਹਨ ਲੱਗਾ ਤਾਂ ਮੁੱਲਾਂਪੁਰ ਪਿੰਡ ਵੱਲੋਂ ਬੜੈਚ ਪਿੰਡ ਦੇ ਵੇਅਰਹਾਊਸ ਗੁਦਾਮਾਂ ਨੂੰ ਤੇਜ਼ੀ ਨਾਲ ਆ ਰਹੇ ਓਵਰਲੋਡ ਟਰੱਕ ਨੇ ਆਪਣੀ ਲਪੇਟ ਵਿੱਚ ਲੈ ਲਿਆ। ਜਿਸਦੇ ਸਿੱਟੇ ਵਜੋਂ ਉਸਦੀ ਮੌਕੇ ’ਤੇ ਮੌਤ ਹੋ ਗਈ।
ਪੁਲਿਸ ਵੱਲੋਂ ਟਰੱਕ ਕਬਜ਼ੇ 'ਚ
ਘਟਨਾਂ ਸਥਾਨ ’ਤੇ ਥਾਣਾ ਦਾਖਾ ਦੇ ਏਐਸਆਈ ਹਮੀਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪਹੁੰਚੇ ਅਤੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲਿਆ। ਪੁਲਿਸ ਨੇ ਟਰੱਕ ਡਰਾਈਵਰ ਖਿਲਾਫ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਨਾਹੀ ਦੇ ਬਾਵਜੂਦ ਪਿੰਡ ਵਿੱਚੋਂ ਲੰਘਦੇ ਨੇ ਓਵਰਲੋਡ ਟਰੱਕ
ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪਿੰਡ ਵਾਸੀ ਟਰੱਕ ਚਾਲਕਾਂ ਤੋਂ ਡਾਹਡੇ ਦੁਖੀ ਹਨ। ਇੱਕ ਤਾਂ ਡਰਾਈਵਰ ਤੇਜ਼ ਰਫਤਾਰ 'ਚ ਚਲਾਂਉਦੇ ਹਨ, ਦੂਸਰਾ ਪ੍ਰੈੱਸਰ ਹਾਰਨ ਦਾ ਵੀ ਇਸਤੇਮਾਲ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਦੇ ਧਿਆਨ ਹਿੱਤ ਮਾਮਲਾ ਚੁੱਕਿਆ ਸੀ ਜਿਨ੍ਹਾਂ ਨੇ ਟਰੱਕ ਅਪ੍ਰੇਟਰਾਂ ਤੋਂ ਲਿਖਤੀ ਲਿਆ ਸੀ ਕਿ ਹੰਬੜਾਂ ਰੋਡ ਤੋਂ ਸੂਏ ਵਾਲੀ ਸੜਕ ਆ ਕੇ ਗੱਡੀਆਂ ਪਿੰਡ ਬੜੈਚ ਵਾਲੀ ਸੜਕ ’ਤੇ ਆਉਣਗੀਆਂ ਤੇ ਇੱਧਰ ਦੀ ਵਾਪਸ ਜਾਣਗੀਆਂ। ਪਰ ਮਨਾਹੀ ਦੇ ਬਾਵਜੂਦ ਜਾਣਬੁੱਝ ਕੇ ਟਰੱਕ ਡਰਾਈਵਰ ਇੱਧਰ ਦੀ ਹੀ ਲੰਘਦੇ ਹਨ।