ਮਾਛੀਵਾੜਾ: ਸ਼ਹਿਰ 'ਚ ਸੋਮਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਆੜ੍ਹਤ ਅਤੇ ਹੋਰ ਕਈ ਕਾਰੋਬਾਰਾਂ ਨਾਲ ਸਬੰਧਤ 46 ਸਾਲਾ ਨਰੇਸ਼ ਰੀਹਲ ਨੇ ਖ਼ੁਦ ਨੂੰ ਗੋਲੀ ਮਾਰ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਮੁਤਾਬਕ ਨਰੇਸ਼ ਕੁਮਾਰ ਦਾ ਸ਼ਹਿਰ ਦੇ ਮੁੱਖ ਚੌਕ ਵਿੱਚ ਬਰਫ਼ ਦਾ ਕਾਰਖਾਨਾ ਹੈ।
ਨਰੇਸ਼ ਪਿਛਲੇ ਕਾਫ਼ੀ ਸਮੇਂ ਤੋਂ ਆੜ੍ਹਤ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ। ਕਾਰੋਬਾਰ ਵਿੱਚ ਘਾਟਾ ਪੈਣ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਉਹ ਪਰੇਸ਼ਾਨ ਰਹਿੰਦਾ ਸੀ। ਬੀਤੇ ਸੋਮਵਾਰ ਕਰੀਬ 10.30 ਵਜੇ ਉਸ ਨੇ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਗੋਲੀ ਦੀ ਆਵਾਜ਼ ਸੁਣ ਉਸ ਦੀ ਪਤਨੀ ਨੇ ਰੌਲਾ ਪਾਇਆ ਅਤੇ ਗੁਆਂਢੀਆਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਬੇਟਾ ਅਤੇ ਬੇਟੀ ਛੱਡ ਗਿਆ ਹੈ। ਖੁਦਕੁਸ਼ੀ ਤੋਂ ਪਹਿਲਾਂ ਨਰੇਸ਼ ਨੇ ਆਪਣੀ ਧੀ, ਜੋ ਕਿ ਲੁਧਿਆਣਾ ਵਿੱਚ ਪੜ੍ਹਾਈ ਕਰਦੀ ਹੈ, ਨਾਲ ਫੋਨ 'ਤੇ ਗੱਲ ਕੀਤੀ ਸੀ।
ਨਰੇਸ਼ ਰੀਹਲ ਇੱਕ ਕਾਰੋਬਾਰੀ ਹੋਣ ਦੇ ਨਾਲ-ਨਾਲ ਇੱਕ ਧਾਰਮਿਕ ਸੰਸਥਾ ਸ੍ਰੀ ਵਿਸ਼ਵਕਰਮਾ ਮੰਦਰ ਨਾਲ ਵੀ ਜੁੜਿਆ ਹੋਇਆ ਸੀ ਅਤੇ ਸਮਾਜ ਸੇਵੀ ਕਾਰਜਾਂ 'ਚ ਵੀ ਵਧ ਚੜ੍ਹ ਕੇ ਸ਼ਮੂਲੀਅਤ ਕਰਦਾ ਸੀ। ਨਰੇਸ਼ ਵਲੋਂ ਅਚਾਨਕ ਕੀਤੀ ਗਈ ਖੁਦਕੁਸ਼ੀ ਨਾਲ ਸ਼ਹਿਰ 'ਚ ਸੋਗ ਦੀ ਲਹਿਰ ਹੈ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ, ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।