ਲੁਧਿਆਣਾ: ਲੁਧਿਆਣਾ ਦੀ 14 ਸਾਲ ਨਮਿਆ ਜੋਸ਼ੀ ਕਿਸੇ ਮਿਸਾਲ ਤੋਂ ਘੱਟ ਨਹੀਂ ਹੈ। ਨਮਿਆ ਨੇ ਸਾਲ 2020 ਵਿੱਚ ਕੌਮੀ ਬਾਲ ਪੁਰਸਕਾਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਹਾਸਿਲ ਕੀਤਾ ਅਤੇ ਹੁਣ ਉਸ ਨੂੰ ਲੇਡੀ ਡਾਇਨਾ ਐਵਾਰਡ ਨਾਲ ਵੀ ਨਿਵਾਜਿਆ ਗਿਆ। ਇਹ ਐਵਾਰਡ ਮਹਾਰਾਣੀ ਡਾਇਨਾ ਦੀ ਯਾਦ ਵਿੱਚ ਉਨ੍ਹਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਜੋ ਸਮਾਜ ਵਿੱਚ ਰਹਿੰਦੇ ਹੋਏ ਸੇਵਾ ਕਰਦੇ ਹਨ।
ਕੰਪਿਊਟਰ ਗੇਮ ਦਾ ਸਿੱਖਿਆ ਲਈ ਇਸਤੇਮਾਲ
ਨਮਿਆ ਨੇ ਪੰਜਵੀਂ ਜਮਾਤ ਤੋਂ ਹੀ ਕੰਪਿਊਟਰ ਵਿੱਚ ਮੁਹਾਰਤ ਹਾਸਿਲ ਕਰ ਲਈ ਸੀ। ਜਿਸ ਤੋਂ ਬਾਅਦ ਉਸ ਨੇ ਮਾਇਨਕਰਾਫਟ ਗੇਮ ਵਿੱਚ ਐਜੂਕੇਸ਼ਨਲ ਅਧਿਆਇ ਜੋੜ ਕੇ ਸਿੱਖਿਆ ਨੂੰ ਹੋਰ ਵੀ ਸੌਖਾ ਬਣਾ ਦਿੱਤਾ। ਜਿਥੇ ਵਿਦਿਆਰਥੀ ਗੇਮ ਖੇਡਦਿਆਂ ਸਿੱਖਿਆ ਹਾਸਲ ਕਰ ਲੈਂਦੇ ਨੇ ਅਤੇ ਹੁਣ ਦੇਸ਼ਾਂ ਦੇ ਨਾਲ ਵਿਦੇਸ਼ਾਂ ਵਿੱਚ ਵੀ ਇਸ ਤਕਨੀਕ ਨੂੰ ਅਧਿਆਪਕਾਂ ਦੇ ਨਾਲ ਵਿਦਿਆਰਥੀ ਨਮਿਆ ਕੋਲੋਂ ਸਿੱਖ ਰਹੇ ਹਨ।
ਕਈ ਐਵਾਰਡ ਕੀਤੇ ਹਾਸਲ
ਨਮਿਆ ਨੇ ਦੱਸਿਆ ਕਿ ਮਾਇਨਕਰਾਫਟ ਗੇਮ ਇੱਕ ਸਾਫਟਵੇਅਰ ਹੈ, ਜਿਸ ਵਿੱਚ ਉਸ ਨੇ ਐਜੂਕੇਸ਼ਨਲ ਅਧਿਆਇ ਜੋੜ ਕੇ ਸਿੱਖਿਆ ਨੂੰ ਹੋਰ ਸੁਖਾਲਾ ਬਣਾ ਦਿੱਤਾ ਹੈ। ਇਸ ਨਾਲ ਉਹ ਬੱਚੇ ਜੋ ਜ਼ਿਆਦਾਤਰ ਗੇਮ ਖੇਡਦੇ ਅਤੇ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ। ਉਹ ਗੇਮ ਖੇਡਣ ਦੇ ਨਾਲ ਸਿੱਖਿਆ ਵੀ ਹਾਸਲ ਕਰ ਪਾ ਰਹੇ ਹਨ। ਉਨ੍ਹਾਂ ਨੂੰ ਬੀਤੇ ਸਾਲ ਮਾਈਕਰੋਸੌਫਟ ਦੇ ਸੱਤਿਆ ਨਾਡੇਲਾ ਨੇ ਸਨਮਾਨਿਤ ਕੀਤਾ ਸੀ। ਜਿਸ ਤੋਂ ਬਾਅਦ 2020 ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਨੂੰ ਰਾਸ਼ਟਰੀ ਬਾਲ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ ਹੁਣ 2021 ਵਿੱਚ ਬੀਤੇ ਦਿਨੀਂ ਉਨ੍ਹਾਂ ਨੂੰ ਲੇਡੀ ਡਾਇਨਾ ਡਾਇਨਾ ਐਵਾਰਡ ਵੀ ਮਿਲ ਚੁੱਕਿਆ ਹੈ, ਜੋ ਉਨ੍ਹਾਂ ਬੱਚਿਆਂ ਨੂੰ ਦਿੱਤੇ ਜਾਂਦਾ ਹੈ ਜੋ ਸਮਾਜ ਭਲਾਈ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਜਿਨ੍ਹਾਂ ਦੀ ਉਮਰ 9 ਤੋਂ ਲੈ ਕੇ 25 ਸਾਲ ਤੱਕ ਦੀ ਹੁੰਦੀ ਹੈ।
ਆਪਣੇ ਦੇਸ਼ ਦੀ ਸੇਵਾ ਕਰਨਾ ਮਕਸਦ
ਨਮਿਆ ਨੇ ਕਿਹਾ ਹੈ ਕਿ ਉਹ ਇਸੇ ਖੇਤਰ ਵਿੱਚ ਅੱਗੇ ਵਧਣਾ ਚਾਹੁੰਦੀ ਹੈ। ਉਸ ਦਾ ਕਹਿਣਾ ਕਿ ਭਾਵੇਂ ਉਹ ਵਿਦੇਸ਼ ਵਿੱਚ ਰਹੇ ਜਾਂ ਫਿਰ ਆਪਣੇ ਦੇਸ਼ 'ਚ ਪਰ ਸੇਵਾ ਹਮੇਸ਼ਾ ਆਪਣੇ ਦੇਸ਼ ਦੀ ਹੀ ਕਰੇਗੀ। ਉਨ੍ਹਾਂ ਦੱਸਿਆ ਕਿ ਉਸ ਦੇ ਮਾਤਾ ਪਿਤਾ ਦਾ ਉਸ ਦੀ ਇਸ ਸਿੱਖਿਆ ਵਿੱਚ ਅਹਿਮ ਯੋਗਦਾਨ ਰਿਹਾ। ਜਿਸ ਕਰਕੇ ਉਹ ਇਸ ਮੁਕਾਮ 'ਤੇ ਪਹੁੰਚ ਪਾਈ ਹੈ। ਇੰਨਾ ਹੀ ਨਹੀਂ ਨਮਿਆ ਸਮਾਜ ਸੇਵਾ ਦੇ ਕੰਮ 'ਚ ਮੋਹਰੀ ਹੈ, ਉਹ ਬੱਚਿਆਂ ਨੂੰ ਸਿੱਖਿਅਤ ਕਰ ਰਹੀ ਹੈ ਜਿਸ ਕਰਕੇ ਉਸ ਨੂੰ ਇਹ ਸਨਮਾਨ ਮਿਲੇ ਹਨ। ਇਸ ਦੇ ਨਾਲ ਹੀ ਨਮਿਆ ਵਲੋਂ ਹਜ਼ਾਰ ਦੇ ਕਰੀਬ ਅਧਿਆਪਕਾਂ ਨੂੰ ਵੀ ਇਸ ਸਬੰਧੀ ਸਿੱਖਿਆ ਦਿੱਤੀ ਹੈ।
ਮਾਤਾ ਪਿਤਾ ਨੂੰ ਆਪਣੀ ਧੀ 'ਤੇ ਮਾਣ
ਉੱਧਰ ਦੂਜੇ ਪਾਸੇ ਨਮਿਆ ਦੀ ਮਾਤਾ ਮੋਨਿਕਾ ਜੋਸ਼ੀ ਅਤੇ ਪਿਤਾ ਕੁਨਾਲ ਜੋਸ਼ੀ ਵੀ ਉਸ ਦੀ ਇਸ ਉਪਲਬਧੀ ਤੋਂ ਕਾਫੀ ਖੁਸ਼ ਹਨ। ਉਹਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ 'ਤੇ ਮਾਣ ਹੈ। ਉਨ੍ਹਾਂ ਦੀ ਬੇਟੀ ਨੇ ਤਾਂ ਉਨ੍ਹਾਂ ਦੇ ਨਾਲ ਦੇਸ਼ ਦਾ ਨਾਂ ਵੀ ਰੌਸ਼ਨ ਕਰ ਦਿੱਤਾ ਹੈ। ਉਸ ਦੀ ਮਾਤਾ ਨੇ ਕਿਹਾ ਕਿ ਹਾਲਾਂਕਿ ਉਹ ਉਸ ਦੇ ਸਕੂਲ ਵਿੱਚ ਹੀ ਬਤੌਰ ਅਧਿਆਪਕਾ ਤੈਨਾਤ ਹਨ ਪਰ ਇਸਦੇ ਬਾਵਜੂਦ ਉਨ੍ਹਾਂ ਦਾ ਆਪਣੀ ਬੇਟੀ ਨਾਲ ਦੋਸਤਾਨਾ ਰਵੱਈਆ ਹੈ। ਇਸ ਦੇ ਨਾਲ ਹੀ ਨਮਿਆ ਦੇ ਮਾਤਾ ਪਿਤਾ ਦਾ ਕਹਿਣਾ ਕਿ ਸਾਰਿਆਂ ਨੂੰ ਆਪਣੀਆਂ ਬੇਟੀਆਂ ਨੂੰ ਪੜ੍ਹਾਉਣਾ ਚਾਹੀਦਾ ਹੈ ਤਾਂ ਜੋ ਉਹ ਤੁਹਾਡਾ ਨਾਮ ਰੌਸ਼ਨ ਕਰ ਸਕਣ।
ਇਹ ਵੀ ਪੜ੍ਹੋ : ਨਵੀਂ ਮੁੰਬਈ : ਮੁੰਬਈ ਪੁਲਿਸ ਨੇ ਖਾਰਘਰ ਝਰਨੇ 'ਤੇ ਫਸੇ 117 ਲੋਕਾਂ ਨੂੰ ਕੀਤਾ ਰੈਸਕਿਊ