ਜਲੰਧਰ: ਇਕ ਪਾਸੇ ਜਿੱਥੇ ਪੰਜਾਬ ਵਿੱਚ ਪੰਜਾਬ ਸਰਕਾਰ ਗੰਨ ਕਲਚਰ ਨੂੰ ਖ਼ਤਮ ਕਰਨ ਲਈ ਕਈ ਕਦਮ ਚੁੱਕ ਰਹੀ ਹੈ। ਉੱਥੇ ਹੀ ਦੂਜੇ ਪਾਸੇ ਆਏ ਦਿਨ ਗੋਲੀਆਂ ਮਾਰ ਕੇ ਕਤਲ ਦੀਆਂ ਵਾਰਦਾਤਾਂ ਅਤੇ ਸ਼ਰ੍ਹੇਆਮ ਗੋਲੀਆਂ ਚਲਾਉਣ ਵਾਲੇ ਲੋਕ ਇਹ ਸਾਬਿਤ ਕਰ ਰਹੇ ਹਨ ਕਿ ਸਰਕਾਰ ਦੀ ਅਤੇ ਪ੍ਰਸ਼ਾਸਨ ਦੀ ਉਨ੍ਹਾਂ ਨੂੰ ਕੋਈ ਵੀ ਚਿੰਤਾ ਨਹੀਂ ਹੈ।
ਅਜਿਹਾ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਖੇ ਇੱਕ ਵਿਅਕਤੀ ਵੱਲੋਂ ਸ਼ਰੇਆਮ ਗੋਲੀ ਚਲਾਉਣ ਦੀ ਵੀਡੀਓ ਸਾਹਮਣੇ ਆਈ ਹੈ। ਦੱਸ ਦਈਏ ਕਿ ਸ਼ੇਖਾਂ ਬਾਜ਼ਾਰ ਦੇ ਇੱਕ ਬੂਟਾਂ ਦੇ ਵਪਾਰੀ ਦੀ ਆਪਣੇ ਲਾਇਸੈਂਸੀ ਹਥਿਆਰ ਨਾਲ ਫਾਇਰਿੰਗ ਕਰਦਿਆਂ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਹਾਲਾਂਕਿ ਇਹ ਵੀਡੀਓ ਕੁਝ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ ਪਰ ਇਸ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਸਰਕਾਰ ਵੱਲੋਂ ਗੰਨ ਕਲਚਰ ਖ਼ਤਮ ਕਰਨ ਦੇ ਯਤਨਾਂ ਦੀਆਂ ਧੱਜੀਆਂ ਉੱਡਦੀਆਂ ਹੋਈਆਂ ਨਜ਼ਰ ਆ ਰਹੀ ਹੈ।
ਇਸ ਸਬੰਧੀ ਜਦੋਂ ਜਲੰਧਰ ਦੇ ਡੀਸੀਪੀ ਜਸਕਰਨ ਸਿੰਘ ਤੇਜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਵੀਡੀਓ ਵਿੱਚ ਇਕ ਨੌਜਵਾਨ ਫਾਇਰਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ, ਪਰ ਹਾਲੇ ਇਹ ਸਾਫ ਨਹੀਂ ਹੈ ਕਿ ਇਹ ਵੀਡੀਓ ਕਿਸ ਥਾਂ ਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਨੌਜਵਾਨ ਇਕ ਗਰਾਊਂਡ ਵਿੱਚ ਫਾਇਰਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਤੋਂ ਇਹ ਪਤਾ ਨਹੀਂ ਲੱਗ ਰਿਹਾ ਹੈ ਇਹ ਵੀਡੀਓ ਕਿਸ ਨੇ ਅਤੇ ਕਿੱਥੇ ਬਣਾਈ ਹੈ। ਫਿਲਹਾਲ ਇਸ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਇਹ ਵੀਡੀਓ ਜਲੰਧਰ ਦੇ ਇਲਾਕੇ ਦੀ ਹੋਈ ਤਾਂ ਇਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਨਹੀਂ ਤਾਂ ਜਿਸ ਵੀ ਇਲਾਕੇ ਦੀ ਇਹ ਵੀਡੀਓ ਹੋਵੇਗੀ ਉਸ ਇਲਾਕੇ ਨੂੰ ਇਸ ਦੀ ਇਤਲਾਹ ਦੇ ਕੇ ਇਸ ’ਤੇ ਬਣਦੀ ਕਾਰਵਾਈ ਕਰਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਇਕ ਵਿਆਹ ਸਮਾਗਮ ਦੌਰਾਨ ਇਸ ਨੌਜਵਾਨ ਨੇ ਇਸ ਫਾਇਰਿੰਗ ਦੀ ਵੀਡੀਓ ਬਣਾ ਕੇ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ ਸ਼ੇਅਰ ਕੀਤੀ ਸੀ ਪਰ ਇਸ ਦਾ ਰੌਲਾ ਪੈਣ ਤੋਂ ਬਾਅਦ ਉਸ ਨੇ ਇਸ ਵੀਡੀਓ ਨੂੰ ਉੱਥੋਂ ਡਿਲੀਟ ਕਰ ਦਿੱਤਾ। ਪਰ ਇਸ ਦੌਰਾਨ ਕਿਸੇ ਸ਼ਖਸ ਵੱਲੋਂ ਇਸ ਦੀ ਸਕ੍ਰੀਨ ਰਿਕਾਰਡਿੰਗ ਕਰਕੇ ਇਸ ਨੂੰ ਵਾਇਰਲ ਕਰ ਦਿੱਤਾ ਗਿਆ। ਇਸ ਵੀਡੀਓ ਵਿੱਚ ਟੇਬਲ ਅਤੇ ਕੁਝ ਹੋਰ ਹਥਿਆਰ ਵੀ ਪਏ ਹੋਏ ਨਜ਼ਰ ਆ ਰਹੇ ਹਨ।
ਇਹ ਵੀ ਪੜੋ: ਇੱਕ ਕੁਵਿੰਟਲ ਚੂਰਾ ਪੋਸਤ ਸਮੇਤ 2 ਗ੍ਰਿਫ਼ਤਾਰ