ਜਲੰਧਰ: ਨਕੋਦਰ ਦੇ ਪਿੰਡ ਬਜੂਹਾ ਕਲਾਂ ਵਿੱਚ ਸ਼ੁੱਕਰਵਾਰ ਨੂੰ ਇੱਕ ਮਹਿਲਾ ਨੇ ਫ਼ਾਸੀ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਖ਼ੁਦਕੁਸ਼ੀ ਤੋਂ ਪਹਿਲਾ ਇਸ ਮਹਿਲਾ ਨੇ ਆਪਣੀ ਇੱਕ ਵੀਡੀਓ ਵੀ ਬਣਾਈ ਸੀ, ਜਿਸ ਵਿੱਚ ਉਸ ਨੇ ਆਪਣੀ ਖ਼ੁਦਕੁਸ਼ੀ ਲਈ ਪਿੰਡ ਦੀ ਪੰਚਾਇਤ ਅਤੇ ਸਰਪੰਚ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਹਿਲਾ ਦੀ ਪਛਾਣ ਰਜਨੀ ਵਜੋਂ ਹੋਈ ਹੈ। ਪੁਲਿਸ ਨੇ ਫਿਲਹਾਲ ਇਸ ਮਾਮਲੇ ਵਿੱਚ ਮਹਿਲਾ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।
ਦੱਸਣਯੋਗ ਹੈ ਕਿ ਖ਼ੁਦਕੁਸ਼ੀ ਤੋਂ ਪਹਿਲਾ ਬਣਾਈ ਵੀਡੀਓ 'ਚ ਮਹਿਲਾ ਨੇ ਰੋ-ਰੋ ਕੇ ਆਪਣੀ ਦਾਸਤਾਨ ਸੁਣਾਈ। ਰਜਨੀ ਵੀਡੀਓ 'ਚ ਕਹਿ ਰਹਿ ਹੈ ਕਿ ਉਹ ਖ਼ੁਦਕੁਸ਼ੀ ਕਰਨ ਜਾ ਰਹੀ ਹੈ, ਇਸ ਲਈ ਪਿੰਡ ਦੀ ਪੰਚਾਇਤ ਅਤੇ ਸਰਪੰਚ ਜ਼ਿੰਮੇਵਾਰ ਹਨ। ਇਸ ਤੋਂ ਬਾਅਦ ਰਜਨੀ ਨੇ ਖ਼ੁਦ ਨੂੰ ਫਾਹਾ ਲਾ ਲਿਆ ਜਦੋਂ ਤੱਕ ਰਜਨੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲਗਾ ਤਾਂ ਉਨ੍ਹਾਂ ਜਲਦ ਉਸ ਨੂੰ ਹੇਠਾਂ ਲਾਇਆ ਪਰ ਉਸ ਵੇਲੇ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਰਜਨੀ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਕਿ ਰਜਨੀ ਦਾ ਪਿੰਡ ਵਿੱਚ ਹੀ ਕਿਸੇ ਨਾਲ ਮਾਮੂਲੀ ਝਗੜਾ ਹੋਇਆ ਸੀ, ਜਿਸ ਨੂੰ ਲੈ ਕੇ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਹੀ ਕਾਰਨ ਹੈ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ।
ਐਸਐਚਓ ਵਿਨੋਦ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਮਹਿਲਾ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਰਜਨੀ ਨੇ ਆਪਣੀ ਮੌਤ ਦਾ ਜਿੰਮੇਵਾਰ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੂੰ ਦੱਸਿਆ ਹੈ। ਪੁਲਿਸ ਨੇ ਫਿਲਹਾਲ ਇਸ ਮਾਮਲੇ ਵਿੱਚ ਮਹਿਲਾ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।