ਜਲੰਧਰ : ਜੰਗਲਾਂ ਦੀ ਲਗਾਤਾਰ ਕਟਾਈ ਹੋਣ ਕਾਰਨ ਜੰਗਲੀ ਜਾਨਵਰ ਬੇਘਰ ਹੁੰਦੇ ਜਾ ਰਹੇ ਹਨ। ਖਾਣੇ ਦੀ ਭਾਲ ਵਿੱਚ ਅਕਸਰ ਇਹ ਜੰਗਲੀ ਜਾਨਵਰ ਸ਼ਹਿਰਾਂ ਵੱਲ ਆ ਜਾਂਦੇ ਹਨ।
ਜਾਣਕਾਰੀ ਮੁਤਾਬਕ ਜਲੰਧਰ ਕੈਂਟ ਦੇ ਪਿੰਡ ਵੜਿੰਗ ਵਿਖੇ ਇੱਕ ਬਾਰਾ ਸਿੰਗਾ ਆਉਣ ਨਾਲ ਭਾਜੜ ਮੱਚ ਗਈ। ਬਾਰਾ ਸਿੰਗਾ ਨੂੰ ਵੇਖਣ ਤੇ ਉਸ ਨੂੰ ਫੜਨ ਲਈ ਲੋਕ ਇੱਕਠੇ ਹੋ ਗਏ। ਬਾਰਾ ਸਿੰਗਾ ਲੋਕਾਂ ਦੀ ਭੀੜ ਵੇਖ ਕੇ ਘਬਰਾ ਗਿਆ ਤੇ ਹਾਈਵੇ ਵੱਲ ਭੱਜ ਗਿਆ। ਹਾਈਵੇ ਉੱਤੇ ਤੇਜ਼ ਰਫ਼ਤਾਰ ਗੱਡੀਆਂ ਨਾਲ ਟਕਰਾਉਣ ਨਾਲ ਬਾਰਾ ਸਿੰਗਾ ਗੰਭੀਰ ਜ਼ਖ਼ਮੀ ਹੋ ਗਿਆ। ਸਥਾਨਕ ਲੋਕਾਂ ਨੇ ਵੈਟਨਰੀ ਡਾਕਟਰ ਸਣੇ ਇਸ ਦੀ ਸੂਚਨਾ ਪੀਸੀਆਰ ਅਧਿਕਾਰੀ ਤੇ ਜੰਗਲਾਤ ਵਿਭਾਗ ਨੂੰ ਦਿੱਤੀ।
ਹੋਰ ਪੜ੍ਹੋ : ਕਬੂਤਰਾਂ ਨੇ ਸਰਵਣ ਨੂੰ ਬਣਾਇਆ ਕਰੋੜਪਤੀ, ਦੇਸ਼-ਵਿਦੇਸ਼ 'ਚ ਮਿਲੀ ਪਹਿਚਾਣ
ਪੀਸੀਆਰ ਪੁਲਿਸ ਅਧਿਕਾਰੀ ਤਾਂ ਮੌਕੇ ਉੱਤੇ ਪੁਜੇ ਪਰ ਕਈ ਘੰਟੇ ਬੀਤ ਜਾਣ ਮਗਰੋਂ ਵੀ ਜੰਗਲਾਤ ਵਿਭਾਗ ਦਾ ਕੋਈ ਅਧਿਕਾਰੀ ਨਾ ਪੁੱਜਿਆ। ਇਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ। ਲੋਕਾਂ ਦਾ ਕਹਿਣਾ ਕਿ ਜੇਕਰ ਜੰਗਲਾਤ ਵਿਭਾਗ ਦੇ ਅਧਿਕਾਰੀ ਸਮੇਂ ਸਿਰ ਪੁੱਜ ਜਾਂਦੇ ਤਾਂ ਬਾਰਾ ਸਿੰਗੇ ਨੂੰ ਬਚਾਇਆ ਜਾ ਸਕਦਾ ਸੀ।