ਜਲੰਧਰ : ਅਨਲੌਕ ਸ਼ੁਰੂ ਹੁੰਦੇ ਹੀ ਸ਼ਹਿਰ 'ਚ ਅਪਰਾਧਕ ਘਟਨਾਵਾਂ ਵੱਧ ਹੋ ਗਈਆਂ ਹਨ। ਸ਼ਹਿਰ ਦੇ ਮਿਸ਼ਨ ਕੰਪਾਉਂਡ ਨੇੜੇ ਕੁਝ ਅਣਪਛਾਤੇ ਲੁਟੇਰਿਆਂ ਨੇ ਇੱਕ ਦੁਕਾਨਦਾਰ ਨਾਲ ਕੁੱਟਮਾਰ ਕਰ ਲੁੱਟ ਕੀਤੀ। ਲੁਟੇਰਿਆਂ ਨੇ ਦੁਕਾਨਦਾਰ ਨੂੰ ਹਥਿਆਰ ਵਿਖਾ ਕੇ ਤਕਰੀਬਨ 80 ਹਜ਼ਾਰ ਰੁਪਏ ਦੀ ਲੁੱਟ ਕੀਤੀ ਹੈ।
ਪੀੜਤ ਦੁਕਾਨਦਾਰ ਨਿਖਿਲ ਨੇ ਦੱਸਿਆ ਕਿ ਉਹ ਆਨਲਾਈਨ ਟਿਕਟ ਬੁਕਿੰਗ ਅਤੇ ਆਈਸਕ੍ਰੀਮ ਪਾਲਰਲ ਚਲਾਉਂਦਾ ਹੈ। ਦੇਰ ਰਾਤ ਉਹ ਦੁਕਾਨ ਬੰਦ ਕਰਕੇ ਮੋਟਰਸਾਈਕਲ 'ਤੇ ਘਰ ਪਰਤ ਰਿਹਾ ਸੀ। ਅਚਾਨਕ ਪਿਛੋਂ 3 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਟੱਕਰ ਮਾਰੀ ਤੇ ਹੇਠਾਂ ਸੁੱਟ ਦਿੱਤਾ। ਲੁਟੇਰਿਆਂ ਨੇ ਉਸ ਨੂੰ ਧੱਕਾ ਦੇ ਕੇ ਉਸ ਕੋਲੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਸ ਦੇ ਬੈਗ ਵਿੱਚ ਤਕਰੀਬਨ 80 ਹਜ਼ਾਰ ਰੁਪਏ ਤੇ 2 ਮੋਬਾਈਲ ਫੋਨ ਸਨ। ਇਸ ਦੌਰਾਨ ਪੀੜਤ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ।
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਨੰਬਰ 2 ਦੇ ਇੰਚਾਰਜ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤ ਨੌਜਵਾਨ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਲਾਕੇ 'ਚ ਲੱਗੇ ਸੀਸੀਟੀਵੀ ਫੁਟੇਜ 'ਚ ਲੁੱਟ ਦੀ ਘਟਨਾ ਕੈਦ ਹੋ ਗਈ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰਕੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।