ਜਲੰਧਰ: ਜ਼ਿਲ੍ਹੇ ਦੇ ਨਗਰ ਕੌਂਸਲ ਨਕੋਦਰ ’ਚ ਤਹਿਬਜਾਰੀ, ਰੇਂਟ ਦਾ ਕਿਰਾਇਆ ਅਤੇ ਹੋਰ ਰਸੀਦਾਂ ਸਬੰਧੀ ਲੱਖਾਂ ਰੁਪਏ ਦੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਘਪਲੇ ਦੇ ਉਜਾਗਰ ਹੋਣ ਨਾਲ ਸ਼ਹਿਰ ਚ ਹਲਚਲ ਪੈਦਾ ਹੋਈ ਗਈ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਨਗਰ ਕੌਸਲ ਦੇ ਪ੍ਰਧਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਨਗਰ ਕੌਂਸਲ ਦੇ ਪ੍ਰਧਾਨ ਨੇ ਮਾਮਲੇ ਸਬੰਧੀ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਸ਼ਿਕੰਜ਼ਾ ਕੱਸਿਆ ਹੈ।
ਨਗਰ ਕੌਂਸਲ ਨਕੋਦਰ ਦੇ ਪ੍ਰਧਾਨ ਨਵਨੀਤ ਐਰੀ ਨੀਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਤਿੰਨ ਹਫਤੇ ਪਹਿਲਾਂ ਚੰਡੀਗੜ੍ਹ ਤੋਂ ਫੋਨ ਆਇਆ ਸੀ ਕਿ ਉਨ੍ਹਾਂ ਦੇ ਨਗਰ ਕੌਂਸਲ ਨਕੋਦਰ ਦੀਆਂ ਜੋ ਰਸੀਦਾਂ ਭੇਜੀਆਂ ਗਈਆਂ ਹਨ, ਕਾਫੀ ਹਦ ਤੱਕ ਕੈਂਸਲ ਹੋ ਰਹੀਆਂ ਹਨ, ਇਸ ਦੀ ਰਿਪੋਰਟ ਜਲਦੀ ਭੇਜੀ ਜਾਵੇ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਨੇ ਈ.ਓ. ਰਣਦੀਪ ਸਿੰਘ ਵੈੜਚ ਨੂੰ ਰਸੀਦਾਂ ਸਬੰਧੀ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ। ਜਾਂਚ ਦੌਰਾਨ ਦੋ ਤਿੰਨ ਹਫਤੇ ਬਾਅਦ 5 ਅਧਿਕਾਰੀਆਂ ਨੂੰ ਟਰੇਸ ਕੀਤਾ ਗਿਆ ਜੋ ਇਸ ਘਪਲੇ ਵਿੱਚ ਸ਼ਾਮਿਲ ਸਨ। ਜਿਹਨਾਂ ਵਿੱਚ ਤਿੰਨ ਕਲੱਰਕ ਅਤੇ ਦੋ ਇੰਸਪਕੈਟਰ ਹਨ। ਜਿਹਨਾਂ ਕੋਲ ਰਸੀਦਾਂ ਸਬੰਧੀ ਜਿੰਮੇਵਾਰੀ ਹੈ।
ਇਨ੍ਹਾਂ ਪੰਜ ਅਧਿਕਾਰੀਆਂ ਖਿਲਾਫ ਕਾਰਵਾਈ: ਉਨ੍ਹਾਂ ਦੱਸਿਆ ਕਿ ਜੋ ਪੰਜ ਅਧਿਕਾਰੀ ਟੈਰਸ ਹੋਏ ਹਨ, ਉਹਨਾਂ ਵਿੱਚ ਕਲੱਰਕ ਜਤਿੰਦਰ ਕਪੂਰ, ਕਲੱਰਕ ਅਸ਼ੋਕ ਕੁਮਾਰ, ਕਲੱਰਕ ਨਿਰਦੋਸ਼ ਕੁਮਾਰ ਅਤੇ ਦੋ ਇੰਸਪੈਕਟਰ ਘਣਸ਼ਿਆਮ, ਇੰਸਪੈਕਟਰ ਯੋਗਰਾਜ ਹਨ। ਇਹਨਾਂ ਵਿੱਚੋਂ ਤਿੰਨ ਕਲੱਰਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਦੋ ਇੰਸਪਕੈਟਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਤੇ ਅੱਗੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
'ਕਾਫੀ ਸਮੇਂ ਤੋਂ ਚਲ ਰਿਹਾ ਸੀ ਘਪਲਾ': ਪ੍ਰਧਾਨ ਨੇ ਅੱਗੇ ਕਿਹਾ ਕਿ ਇਹ ਘਪਲਾ ਉਦੋਂ ਤੋਂ ਚੱਲ ਰਿਹਾ ਹੈ, ਜਦੋਂ ਤੋਂ ਰਸੀਦਾਂ ਕੱਟਣ ਦਾ ਕੰਮ ਕੰਪਿਊਟਰ ਰਾਹੀਂ ਸ਼ੁਰੂ ਹੋਇਆ ਹੈ, ਇਸ ਵਿੱਚ ਤਹਿਬਜਾਰੀ ਤੋਂ ਮਿਲਣ ਵਾਲਾ ਪੈਸਾ, ਕਿਰਾਏ ਦੇ ਰੂਪ ਵਿੱਚ ਮਿਲਣ ਵਾਲੇ ਪੈਸੇ ਅਤੇ ਹੋਰ ਜੋ ਲੋਕ ਨਗਰ ਕੌਂਸਲ ਚ ਕੰਮ ਕਰਵਾਉਣ ਆਉਂਦੇ ਹਨ, ਉਹਨਾਂ ਵੱਲੋਂ ਦਿੱਤੇ ਪੈਸੇ, ਜਿਹਨਾਂ ਦੀਆਂ ਰਸੀਦਾਂ ਕੱਟ ਹੁੰਦੀਆਂ ਸੀ, ਇਹ ਅਧਿਕਾਰੀ ਆਪਸ ਵਿੱਚ ਮਿਲਜੁਲ ਕੇ ਪੈਸਿਆਂ ਨੂੰ ਆਪਣੀਆਂ ਜੇਬਾਂ ਵਿੱਚ ਪਾ ਰਹੇ ਸਨ, ਇਹ ਇਕ ਬਹੁਤ ਵੱਡਾ ਘਪਲਾ ਹੈ, ਜੋ ਕਾਫੀ ਸਮੇਂ ਤੋਂ ਚਲ ਰਿਹਾ ਹੈ।
'ਕਿਸੇ ਨੂੰ ਵੀ ਨਹੀਂ ਜਾਵੇਗਾ ਬਖਸ਼ਿਆ': ਉਹਨਾਂ ਨੇ ਕਿਹਾ ਕਿ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਦਾ ਮਕਸਦ ਨਗਰ ਕੌਂਸਲ ਨਕੋਦਰ ਨੂੰ ਭ੍ਰਿਸ਼ਟਾਚਾਰ ਮੁਕਤ ਬਨਾਉਣਾ ਹੈ, ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਵੀ ਉਹ ਕੋਈ ਵੀ ਕੰਮ ਕਰਵਾਉਣ ਆਉਂਦੇ ਹੋਣ ਤਾਂ ਰਸੀਦ ਲੈਣ ਸਮੇਂ ਆਪਣਾ ਮੋਬਾਇਲ ਨੰਬਰ ਜਰੂਰ ਦੇਣ ਤਾਂ ਕਿ ਉਨ੍ਹਾਂ ਦੇ ਮੋਬਾਈਲ ’ਤੇ ਮੈਸਜ ਆ ਸਕੇ।
ਇਹ ਵੀ ਪੜੋ: ਪਟਿਆਲਾ ਝੜਪ ਤੋਂ ਬਾਅਦ ਅਫਸਰਾਂ ’ਤੇ ਡਿੱਗੀ ਗਾਜ਼ !