ਜਲੰਧਰ: ਲੌਕਡਾਊਨ ਖੁੱਲ੍ਹਣ ਤੋਂ ਬਾਅਦ ਜਿਥੇ ਇੱਕ ਪਾਸੇ ਲੋਕਾਂ ਦੀ ਜ਼ਿੰਦਗੀ ਮੁੜ ਪੱਟੜੀ 'ਤੇ ਆ ਰਹੀ ਹੈ, ਉਥੇ ਹੀ ਦੂਜੇ ਪਾਸੇ ਪੁਲਿਸ ਤੋਂ ਬੇਖੌਖ ਅਪਰਾਧੀਆਂ ਵੱਲੋਂ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਕਸਬਾ ਫਿਲੌਰ ਦੀ ਗੋਪਾਲ ਕਾਲੋਨੀ 'ਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਚੋਰਾਂ ਨੇ ਇੱਕ ਰਾਤ 'ਚ ਚਾਰ ਘਰਾਂ ਵਿੱਚ ਚੋਰੀ ਕੀਤੀ।
ਇਸ ਘਟਨਾਂ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਚੋਰ ਤਕਰੀਬਨ 4 ਘਰਾਂ 'ਚ ਚੋਰੀ ਕਰਕੇ ਗਏ ਹਨ। ਚੋਰ ਇਨ੍ਹਾਂ ਘਰਾਂ ਚੋਂ ਇੱਕ ਪਾਣੀ ਦੀ ਮੋਟਰ, ਇੱਕ ਸਾਈਕਲ, ਸਿਲੰਡਰ, ਕੁਰਸੀਆਂ ਆਦਿ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਸਾਰੇ ਮੁਹੱਲੇ ਦੇ ਲੋਕ ਪੁਲਿਸ ਚੌਂਕੀ ਪਹੁੰਚੇ। ਉਨ੍ਹਾਂ ਪੁਲਿਸ 'ਤੇ ਸਹੀ ਢੰਗ ਨਾਲ ਕਾਰਵਾਈ ਨਾ ਕਰਨ ਦੇ ਦੋਸ਼ ਲਾਏ।
ਇਸ ਬਾਰੇ ਦੱਸਦੇ ਹੋਏ ਪੁਲਿਸ ਅਧਿਕਾਰੀ ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਲਾਕਾ ਵਾਸੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਭਰੋਸਾ ਦਿੱਤਾ।
ਸ਼ਹਿਰ 'ਚ ਲਗਾਤਾਰ ਚੋਰੀ ਤੇ ਲੁੱਟ-ਖੋਹ ਦੀਆਂ ਵੱਧਦੀਆਂ ਵਾਰਦਾਤਾਂ ਇਹ ਦਰਸਾਉਂਦੀਆਂ ਹਨ ਕਿ ਚੋਰਾਂ ਪੁਲਿਸ ਤੋਂ ਪੂਰੀ ਤਰ੍ਹਾਂ ਬੇਖੌਫ ਹਨ।