ਜਲੰਧਰ: ਭਾਰਤੀ ਹਾਕੀ ਟੀਮ ਨੇ ਓਲੰਪਿਕ 'ਚ ਹੋਏ ਮੈਚ 'ਚ ਅੱਜ ਸਪੇਨ ਨੂੰ 3:0 ਨਾਲ ਮਾਤ ਦਿੱਤੀ ਹੈ। ਇਸ ਮੈਚ ਦੇ ਜਿੱਤਣ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਰਾਹ ਆਸਾਨ ਹੁੰਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਹੁਣ ਤਕ ਆਪਣੇ ਤਿੰਨ ਮੈਚ ਖੇਡ ਚੁੱਕੀ ਹੈ।
ਜਿਨ੍ਹਾਂ ਵਿੱਚੋਂ ਪਹਿਲਾ ਮੈਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਤੋਂ ਜਿੱਤ ਲਿਆ ਸੀ, ਜਦਕਿ ਆਪਣੇ ਦੂਸਰੇ ਮੈਚ ਵਿੱਚ ਆਸਟਰੇਲੀਆ ਤੋਂ 7:1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਪਣੀ ਹਾਰ ਤੋਂ ਸਬਕ ਲੈਂਦਿਆਂ ਭਾਰਤੀ ਟੀਮ ਨੇ ਅੱਜ ਸਪੇਨ ਤੋਂ ਆਪਣਾ ਮੈਚ ਜਿੱਤ ਕੇ ਸਾਬਿਤ ਕਰ ਦਿੱਤਾ ਹੈ ਕਿ ਟੀਮ ਅਜੇ ਵੀ ਟਰਾਫ਼ੀ ਦੀ ਹੱਕਦਾਰ ਹੈ।
ਭਾਰਤੀ ਹਾਕੀ ਟੀਮ ਦੇ ਮੈਚ ਜਿੱਤਣ 'ਤੇ ਟੀਮ ਦੇ ਖਿਡਾਰੀ ਮਨਦੀਪ ਸਿੰਘ ਦੇ ਪਰਿਵਾਰ ਨੇ ਖੁਸ਼ੀ ਜਤਾਈ ਹੈ। ਇਸ ਮੌਕੇ ਮਨਦੀਪ ਸਿੰਘ ਦੇ ਪਿਤਾ ਰਵਿੰਦਰ ਸਿੰਘ ਅਤੇ ਵੱਡੇ ਭਰਾ ਹਰਮਿੰਦਰ ਸਿੰਘ ਵਲੋਂ ਸਾਰੀ ਟੀਮ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਰਤੀ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਾਲਾਂਕਿ ਆਸਟ੍ਰੇਲੀਆ ਤੋਂ ਭਾਰਤ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਇਸ ਨਾਲ ਟੀਮ ਦੇ ਹੌਸਲੇ ਵਿੱਚ ਕੋਈ ਫ਼ਰਕ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਭਾਰਤੀ ਟੀਮ ਨੇ ਆਪਣੀ ਹਾਰ ਤੋਂ ਹੌਂਸਲਾ ਢਾਹੁਣ ਦੀ ਥਾਂ ਸਬਕ ਲੈਕੇ ਪੂਰੀ ਮਿਹਨਤ ਨਾਲ ਅੱਜ ਦਾ ਸਪੇਨ ਨਾਲ ਹੋਣ ਵਾਲਾ ਮੈਚ ਖੇਡਦੇ ਹੋਏ ਭਾਰਤ ਨੇ ਸਪੇਨ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਇਸ ਦੇ ਨਾਲ ਹੀ ਮਨਦੀਪ ਸਿੰਘ ਦੇ ਪਰਿਵਾਰ ਵਲੋਂ 29 ਜੁਲਾਈ ਨੂੰ ਹੋਣ ਵਾਲੇ ਅਰਜਨਟੀਨਾ ਨਾਲ ਮੈਚ ਲਈ ਵੀ ਸਮੁੱਚੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ:Tokyo Olympics, Day 5: ਰੁਪਿੰਦਰਪਾਲ ਨੇ ਜੜੇ 2 ਗੋਲ, ਭਾਰਤ ਨੇ ਸਪੇਨ ਨੂੰ 3-0 ਨਾਲ ਦਿੱਤੀ ਮਾਤ