ਜਲੰਧਰ: ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਜਲੰਧਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਹੰਸ ਰਾਜ ਸਟੇਡੀਅਮ ਵਿਖੇ ਟੇਬਲ ਟੈਨਿਸ ਇਨਡੋਰ ਸਟੇਡੀਅਮ ਚ ਹੋਣ ਵਾਲੇ ਕੰਮਾਂ ਲਈ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਸਟੇਡੀਅਮ ’ਚ ਸੁਧਾਰ ਦੇ ਕੰਮਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਪੋਰਟਸ ਕਾਲਜ ਵੀ ਗਏ ਜਿੱਥੇ ਉਨ੍ਹਾਂ ਨੇ ਅਥਲੀਟਾਂ ਨਾਲ ਗੱਲਬਾਤ ਕੀਤੀ ਨਾਲ ਹੀ ਉਨ੍ਹਾਂ ਨੇ ਟਰੈਕ ਦਾ ਵੀ ਉਦਘਾਟਨ ਕੀਤਾ।
ਇਸ ਮੌਕੇ ਖੇਡ ਮੰਤਰੀ ਸੋਢੀ ਨੇ ਕਿਹਾ ਕਿ ਕਾਂਗਰਸ ਵਿੱਚ ਜੋ ਬਿਆਨ ਕੱਲ੍ਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਤੇ ਨੇ ਸਿੱਧੂ ਮੁਤਾਬਿਕ ਉਹ ਬਿਆਨ ਤੋੜ ਮਰੋੜ ਕੇ ਪੇਸ਼ ਕੀਤੇ ਗਏ ਹਨ। ਰਾਣਾ ਸੋਢੀ ਨੇ ਇਹ ਵੀ ਕਿਹਾ ਕਿ ਸਿੱਧੂ ਦੁਆਰਾ ਦਿੱਤੇ ਗਏ ਬਿਆਨਾਂ ਦੀ ਹਾਈਕਮਾਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਈਕਮਾਨ ਹੀ ਦੇਖੇਗੀ ਇਸ ’ਤੇ ਕੀ ਕਰਨਾ ਹੈ।
ਇਸ ਦੌਰਾਨ ਜਦੋ ਖੇਡ ਮੰਤਰੀ ’ਤੇ ਪੁੱਛਿਆ ਕਿ ਕੀ ਸਰਕਾਰ ਵੱਲੋਂ ਪੰਜਾਬ ਦੇ ਕੁਝ ਸਟੇਡੀਅਮ ਅਤੇ ਹੋਰ ਬਿਲਡਿੰਗਾਂ ਪ੍ਰਾਈਵੇਟ ਹੱਥਾਂ ’ਚ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਇਸ ਸਵਾਲ ’ਤੇ ਖੇਡ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਕੁਝ ਕੰਪਨੀਆਂ ਨਾਲ ਇਸ ਬਾਰੇ ਗੱਲ ਕੀਤੀ ਗਈ ਹੈ ਅਤੇ ਕੰਪਨੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਇਨ੍ਹਾਂ ਸਟੇਡੀਅਮਾਂ ਨੂੰ ਮਨਟੇਨ ਕਰਕੇ ਰੱਖਣਗੇ। ਪਰ ਫਿਲਹਾਲ ਅਜਿਹਾ ਕੁਝ ਨਹੀਂ ਹੋ ਰਿਹਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਇਨ੍ਹਾਂ ਕੰਪਨੀਆਂ ਨੇ ਸਰਕਾਰ ਨੂੰ ਰੈਵੇਨਿਊ ਦਿੱਤਾ ਅਤੇ ਖਿਡਾਰੀਆਂ ਨੂੰ ਮੁਫਤ ਟ੍ਰੇਨਿੰਗ ਦਿੱਤੀਆਂ ਤਾਂ ਇਨ੍ਹਾਂ ਕੰਪਨੀਆਂ ਨਾਲ ਗੱਲ ਕੀਤੀ ਜਾ ਸਕਦੀ ਹੈ। ਫਿਲਹਾਲ ਪ੍ਰਾਈਵੇਟ ਕਰਨ ਵਾਲੀ ਕੋਈ ਗੱਲ ਨਹੀਂ ਹੈ।