ਜਲੰਧਰ: ਸ਼ਹਿਰ ਦੀ ਮਾਰਕੀਟ ਐਸੋਸੀਏਸ਼ਨ ਤੇ ਦੁਕਾਨਦਾਰਾਂ ਨੇ ਅੱਜ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਆਡ ਈਵਨ ਦੀ ਤਰਜ਼ 'ਤੇ ਦੁਕਾਨਾਂ ਖੋਲ੍ਹਣ ਦੇ ਹੁਕਮ ਦਿੱਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਇਨ੍ਹਾਂ ਹੁਕਮਾਂ ਦਾ ਵਿਰੋਧ ਕਰਦੇ ਹੋਏ ਮਾਰਕੀਟ ਐਸੋਸੀਏਸ਼ਨ ਤੇ ਦੁਕਾਨਦਾਰਾਂ ਨੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ।
ਮਾਰਕੀਟ ਐਸੋਸੀਏਸ਼ਨ ਦੇ ਮੈਂਬਰ ਸ਼ੈਰੀ ਚੱਡਾ ਨੇ ਕਿਹਾ ਕਿ ਸਰਕਾਰ ਨੇ ਇੱਕ ਪਾਸੇ ਵੀਕੈਂਡ ਲੌਕਡਾਊਨ ਲਗਾਇਆ ਹੋਇਆ ਹੈ, ਜਿਸ ਦੇ ਚੱਲਦੇ ਦੁਕਾਨਾਂ ਅਤੇ ਬਾਜ਼ਾਰ ਸ਼ਨੀਵਾਰ ਅਤੇ ਐਤਵਾਰ ਨੂੰ ਪੂਰੇ ਤੌਰ 'ਤੇ ਬੰਦ ਰਹਿੰਦੇ ਹਨ। ਇਸ ਤੋਂ ਇਲਾਵਾ ਸ਼ਾਮ 7 ਵਜੇ ਤੋਂ ਬਾਅਦ ਸਭ ਬਾਜ਼ਾਰ ਤੇ ਦੁਕਾਨਾਂ ਬੰਦ ਹੋ ਜਾਂਦੀਆਂ ਹਨ। ਇਸ ਸਭ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਆਡ ਈਵਨ ਦੀ ਤਰਜ਼ 'ਤੇ ਦੁਕਾਨਾਂ ਖੋਲ੍ਹਣ ਦੇ ਹੁਕਮ ਦੇ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਕਈ ਮਹੀਨਿਆਂ ਬਾਅਦ ਉਨ੍ਹਾਂ ਦਾ ਕੰਮ ਮੁੜ ਲੀਹ 'ਤੇ ਆ ਰਿਹਾ ਹੈ ਅਜਿਹੇ 'ਚ ਸਰਕਾਰ ਦੇ ਇਹ ਹੁਕਮ ਉਨ੍ਹਾਂ ਲਈ ਕਈ ਮੁਸ਼ਕਲਾਂ ਖੜ੍ਹੀਆਂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਜੇ ਅਸੀਂ ਸਾਰੇ ਆਡ ਈਵਨ ਦੀ ਤਰਜ਼ 'ਤੇ ਦੁਕਾਨਾਂ ਖੋਲ੍ਹਣ ਲੱਗੇ ਤਾਂ ਪੂਰੇ ਮਹੀਨੇ 'ਚ ਸਾਡੀਆਂ ਦੁਕਾਨਾਂ ਸਿਰਫ਼ 12 ਦਿਨ ਹੀ ਖੁਲ੍ਹਣਗੀਆਂ। ਅਜਿਹੇ 'ਚ ਅਸੀਂ ਆਪਣੇ ਮੁਲਾਜ਼ਮਾਂ ਨੂੰ ਪੂਰੇ ਮਹੀਨੇ ਦੀ ਤਨਖ਼ਾਹ ਕਿਵੇਂ ਦੇ ਸਕਦੇ ਹਾਂ।
ਸ਼ੈਰੀ ਚੱਡਾ ਨੇ ਕਿਹਾ ਕਿ ਸਰਕਾਰ ਮਾਲ ਖੋਲ੍ਹ ਰਹੀ ਹੈ, ਸ਼ਰਾਬ ਦੇ ਠੇਕੇ ਵੀ ਖੋਲ੍ਹ ਰਹੀ ਹੈ। ਉਨ੍ਹਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ ਪਰ ਸਰਕਾਰ ਆਡ ਈਵਨ ਦੇ ਸਿਸਟਮ ਨੂੰ ਲਿਆ ਕੇ ਦੁਕਾਨਦਾਰਾਂ ਨੂੰ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਆਡ ਈਵਨ ਦੇ ਸਿਸਟਮ ਨੂੰ ਜਲਦ ਖ਼ਤਮ ਕਰਨ, ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਮਜਬੂਰ ਹੋ ਕੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਰੋਜ਼ ਹੀ ਦੁਕਾਨਾਂ ਖੋਲ੍ਹਣਗੇ।