ਜਲੰਧਰ: ਦੇਸ਼ ਦੀ ਪਹਿਲੀ ਆਈਪੀਐਸ ਤੇ ਪੁਡੂਚੇਰੀ ਦੀ ਉਪ ਰਾਜਪਾਲ ਅੱਜ ਸ਼ਹਿਰ ਦੇ ਇੱਕ ਨਿੱਜੀ ਕਾਲਜ ਦੇ ਕਨਵੋਕੇਸ਼ਨ ਸਮਾਗਮ 'ਚ ਹਿੱਸਾ ਲੈਣ ਪੁੱਜੇ।
ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਕਰੀ ਮੰਗਣ ਨਾਲੋਂ ਵਧੀਆ ਹੈ, ਤੁਸੀਂ ਆਪਣੇ ਆਪ ਨੂੰ ਅਜਿਹਾ ਬਣਾਓ ਕਿ ਹੋਰਨਾਂ ਲੋਕਾਂ ਨੂੰ ਨੌਕਰੀ ਦੇ ਸਕੋ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ 'ਚ ਪੜ੍ਹਾਈ ਦੀ ਅਹਿਮੀਅਤ ਹੁੰਦੀ ਹੈ, ਪਰ ਪੜ੍ਹਾਈ ਕਰਨ ਮਗਰੋਂ ਨੌਕਰੀ ਲੱਭਣ ਨੂੰ ਜੀਵਨ ਦਾ ਮਕਸਦ ਨਹੀਂ ਬਣਾਉਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਹੁਨਰ 'ਤੇ ਕੰਮ ਕਰਨ ਅਤੇ ਸਵੈ ਨਿਰਭਰ ਬਣਨ ਲਈ ਪ੍ਰੇਰਤ ਕੀਤਾ।
ਕਨਵੋਕੇਸ਼ਨ ਸਮਾਗਮ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਦੇ ਨੌਜਵਾਨ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਲੱਭਣ ਦੀ ਜੱਦੋਜਹਿਦ 'ਚ ਲੱਗ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨੌਕਰੀ ਲੱਭਣ ਦੀ ਬਜਾਏ ਖ਼ੁਦ ਰੁਜ਼ਗਾਰ ਦੇ ਮੌਕੇ ਤਲਾਸ਼ ਕਰਨੇ ਚਾਹੀਦੇ ਹਨ। ਜੇਕਰ ਇਨਸਾਨ 'ਚ ਕੁੱਝ ਕਰਨ ਦਾ ਜ਼ਜਬਾ ਹੋਵੇ ਤਾਂ ਉਹ ਖ਼ੁਦ ਜ਼ਿੰਦਗੀ 'ਚ ਅੱਗੇ ਵੱਧ ਸਕਦਾ ਹੈ ਅਤੇ ਹੋਰਨਾਂ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਦੇ ਸਕਦਾ ਹੈ।