ਜਲੰਧਰ: ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂਆਂ ਨੇ ਵਿਦਿਆਰਥੀਆਂ ਨੂੰ ਖੇਤੀ ਕਾਨੂੰਨਾਂ ਦੇ ਬਾਰੇ ਜਾਣੂ ਕਰਾਇਆ ਤੇ ਵਿਦਿਆਰਥੀਆਂ ਨਾਲ ਰੂਬਰੂ ਹੋ ਕੇ ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਦਿੱਤਾ ਤੇ ਇਸ ਕਿਸਾਨੀ ਸੰਘਰਸ਼ ਦਾ ਮਹੱਤਵ ਦੱਸਿਆ।
ਕਿਸਾਨੀ ਸੰਘਰਸ਼ ਨੂੰ ਲਗਭਗ ਢਾਈ ਮਹੀਨਿਆਂ ਤੋਂ ਸਮਾਂ ਹੋ ਚੁੱਕਾ ਹੈ। ਕਿਸਾਨ ਦਿੱਲੀ ਬਾਰਡਰ 'ਤੇ ਧਰਨੇ ਲੱਗਾਏ ਬੈਠੇ ਹਨ। ਜਮਹੂਰੀ ਕਿਸਾਨ ਸਭਾ ਦੇ ਵਾਈਸ ਪ੍ਰਧਾਨ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਕਿਸਾਨ ਢਾਈ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਤੇ ਇਸ ਸੰਘਰਸ਼ ਵਿੱਚ ਕਈ ਤਰ੍ਹਾਂ ਦੇ ਉਤਾਰ ਚੜ੍ਹਾਅ ਵੀ ਆਏ, ਪਰ ਕਿਸਾਨ ਸ਼ਾਂਤਮਈ ਢੰਗ ਨਾਲ ਆਪਣਾ ਸੰਘਰਸ਼ ਕਰੀ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਪਰ ਸਰਕਾਰੀ ਤੰਤਰ ਦੇ ਸ਼ਰਾਰਤੀ ਤੱਤਵ ਇਸ ਸੰਘਰਸ਼ ਨੂੰ ਖ਼ਰਾਬ ਕਰਨ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਨ। ਕਦੀ ਕਿਸਾਨਾਂ 'ਤੇ ਹਮਲੇ ਕਰ ਦਿੰਦੇ ਹਨ ਤੇ ਕਦੀ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਲਈ ਸਾਜ਼ਿਸ਼ਾਂ ਰਚ ਰਹੇ ਹਨ। ਪਰ ਕਿਸਾਨ ਆਪਣੀ ਲੇਹ ਦੇ ਉੱਤੇ ਤੁਰੇ ਹੋਏ ਹਨ ਤੇ ਇਸ ਕਿਸਾਨੀ ਬਿੱਲ ਨੂੰ ਰੱਦ ਕਰਾ ਕੇ ਹੀ ਵਾਪਸ ਪਰਤਣਗੇ। ਉਨ੍ਹਾਂ ਨੇ ਕਿਹਾ ਕਿ ਹੋਰ ਥੋੜ੍ਹੇ ਸਮੇਂ ਦੀ ਉਡੀਕ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਕਿਸਾਨੀ ਬਿੱਲ ਰੱਦ ਕਰ ਦੇਵੇਗੀ ਤੇ ਉਨ੍ਹਾਂ ਦੀ ਗੱਲ ਮੰਨੀ ਜਾਏਗੀ। ਸੈਮੀਨਾਰ ਬੱਚਿਆਂ ਨਾਲ ਰੂਬਰੂ ਹੋ ਕੇ ਉਨ੍ਹਾਂ ਦੀਆਂ ਸਾਰੀਆਂ ਸ਼ੰਕਾਵਾਂ ਦੂਰ ਕਰਨਾ ਸੀ ਤੇ ਉਨ੍ਹਾਂ ਨੂੰ ਇਸ ਇਤਿਹਾਸਿਕ ਕਿਸਾਨੀ ਸੰਘਰਸ਼ ਬਾਰੇ ਜਾਣੂ ਕਰਾਉਣਾ ਸੀ।