ਜਲੰਧਰ : ਸ਼ਹਿਰ ਦੇ ਕਪੂਰਥਲਾ ਰੋਡ 'ਤੇ ਸਥਿਤ ਗਾਂਧੀ ਵਨੀਤਾ ਆਸ਼ਰਮ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਵੀਰਵਾਰ ਸ਼ਾਮ ਨੂੰ ਆਸ਼ਰਮ ਚੋਂ ਮੁੜ ਕੁੱਝ ਕੁੜੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਕਤ ਕੁੜੀਆਂ ਨੇ ਆਸ਼ਰਮ ਦੇ ਸਟਾਫ ਨਾਲ ਕੁੱਟਮਾਰ ਵੀ ਕੀਤੀ।
ਇਸ ਬਾਰੇ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮਾਮਲਾ ਸ਼ਾਂਤ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਉਨ੍ਹਾਂ ਆਸ਼ਰਮ ਤੋਂ ਮੁੜ ਕੁੱਝ ਕੁੜੀਆਂ ਵੱਲੋਂ ਭੱਜਣ ਦੀ ਕੋਸ਼ਿਸ਼ ਬਾਰੇ ਸੂਚਨਾ ਮਿਲੀ ਸੀ। ਇਸ ਦੌਰਾਨ ਮੀਡੀਆ ਕਰਮਚਾਰੀਆਂ ਨੂੰ ਆਸ਼ਰਮ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਸ਼ਰਮ 'ਚ ਰਹਿਣ ਵਾਲੀ ਕੁੱਝ ਕੁੜੀਆਂ 18 ਸਾਲ ਦੀਆਂ ਹਨ, ਹੁਣ ਉਹ ਆਪਣੇ ਘਰ ਵਾਪਸ ਜਾਣਾ ਚਾਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਹੰਗਾਮੇ ਦੌਰਾਨ ਆਸ਼ਰਮ ਦਾ ਇੱਕ ਗੇਟ ਵੀ ਟੁੱਟ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਮਗਰੋਂ ਪ੍ਰਸ਼ਾਸਨਿਕ ਅਮਲੇ ਸਮੇ ਐਸਡੀਐਮ ਨੇ ਮੌਕੇ 'ਤੇ ਪੁੱਜ ਹਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਐਸਡੀਐਮ ਦੇ ਹੁਕਮਾਂ ਮੁਤਾਬਕ ਲਿਖਤ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਵਨੀਤਾ ਆਸ਼ਰਮ ਤੋਂ 45 ਕੁੜੀਆਂ ਭੱਜ ਗਈਆਂ ਸਨ, ਪਰ ਪੁਲਿਸ ਨੇ ਮੁਸ਼ਤੈਦੀ ਵਿਖਾਉਂਦੇ ਹੋਏ ਉਨ੍ਹਾਂ ਫੜ ਕੇ ਵਾਪਸ ਆਸ਼ਰਮ ਭੇਜ ਦਿੱਤਾ। ਉਥੇ ਹੀ ਦੂਜੇ ਪਾਸੇ ਕੁੜੀਆਂ ਵੱਲੋਂ ਬਾਰ-ਬਾਰ ਭੱਜਣ ਦੀ ਕੋਸ਼ਿਸ਼ ਕਰਨਾ ਆਸ਼ਰਮ ਪ੍ਰਬੰਧਨ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ।