ਜਲੰਧਰ: ਲੋਕ ਮਸ਼ਹੂਰ ਰੈਸਟੋਰੈਂਟ ਦਾ ਖਾਣਾ- ਖਾਣਾ ਬੇਹੱਦ ਪਸੰਦ ਕਰਦੇ ਹਨ, ਪਰ ਅਚਾਨਕ ਖਾਣਾ ਖਾਂਦੇ ਹੋਏ ਉਸ ਵਿੱਚੋਂ ਮਰੀਆਂ ਹੋਈਆਂ ਕੀੜੀਆਂ ਨਿਕਲ ਆਉਣ ਤਾਂ ਖਾਣੇ ਦਾ ਮਜ਼ਾ ਹੀ ਕਿਰਕਿਰਾ ਹੋ ਜਾਂਦਾ ਹੈ। ਅਜਿਹੀ ਘਟਨਾ ਸ਼ਹਿਰ ਦੇ ਇੱਕ ਜੋੜੇ ਨਾਲ ਵਾਪਰੀ।
ਸ਼ਿਕਾਇਤਕਰਤਾ ਸੰਨੀ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਪਤਨੀ ਦੇ ਨਾਲ ਸ਼ਹਿਰ ਦੇ ਮਾਡਲ ਟਾਊਨ ਇਲਾਕੇ 'ਚ ਸਥਿਤ ਕੇਐਫਸੀ ਰੈਸਟੋਰੈਂਟ 'ਚ ਖਾਣਾ ਖਾਣ ਲਈ ਪੁੱਜਾ। ਇਥੇ ਉਨ੍ਹਾਂ ਦੋਹਾਂ ਨੇ ਚਿਕਨ-ਰਾਈਸ ਦਾ ਆਡਰ ਦਿੱਤਾ। ਜਦ ਉਹ ਦੋਵੇਂ ਖਾਣਾ ਖਾ ਰਹੇ ਸਨ ਤਾਂ ਅਚਾਨਕ ਉਨ੍ਹਾਂ ਨੂੰ ਖਾਣੇ ਅੰਦਰ ਵੱਡੀ ਗਿਣਤੀ 'ਚ ਮਰੀਆਂ ਹੋਈਆਂ ਕੀੜੀਆਂ ਨਜ਼ਰ ਆਇਆਂ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਰੈਸਟੋਰੈਂਟ ਦੇ ਮੈਨੇਜ਼ਰ ਕੋਲ ਕੀਤੀ ਪਰ ਉਹ ਇਸ ਮਾਮਲੇ ਨੂੰ ਟਾਲਦੇ ਹੋਏ ਨਜ਼ਰ ਆਏ ਅਤੇ ਸੰਨੀ ਨੂੰ ਕਈ ਤਰ੍ਹਾਂ ਦੇ ਆਫ਼ਰ ਦੇਣੇ ਸ਼ੁਰੂ ਕਰ ਦਿੱਤੇ। ਸੰਨੀ ਨੇ ਇਸ ਸਬੰਧਿਤ ਸਿਹਤ ਵਿਭਾਗ ਨੂੰ ਸੂਚਨਾ ਦਿੱਤੀ।
ਜ਼ਿਲ੍ਹਾ ਸਿਹਤ ਅਧਿਕਾਰੀ ਡਾ.ਐੱਸਐੱਸ ਨੰਗਲ ਤੇ ਫੂਡ ਸੇਫਟੀ ਅਫ਼ਸਰ ਰੋਬਿਨ ਕੁਮਾਰ ਦੀ ਨਿਗਰਾਨੀ 'ਚ ਫੂਡ ਸੇਫਟੀ ਟੀਮ ਨੇ ਦੁਪਹਿਰ ਵੇਲੇ ਮਾਡਲ ਟਾਊਨ ਦੇ ਕੇਐਫਸੀ 'ਚ ਰੇਡ ਕੀਤੀ। ਸਿਹਤ ਵਿਭਾਗ ਟੀਮ ਵੱਲੋਂ ਰੈਸਟੋਰੈਂਡ 'ਚ ਮੌਜੂਦ ਖਾਦ ਪਦਾਰਥਾਂ ਦੇ ਸੈਂਪਲ ਭਰੇ ਗਏ। ਡਾ. ਨੰਗਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖਾਦ ਪਦਾਰਥਾਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਗਾਹਕਾਂ ਨੂੰ ਪਰੋਸੀਆ ਜਾਣ ਵਾਲਾ ਭੋਜਨ ਖਾਣ ਯੋਗ ਹੈ ਜਾਂ ਨਹੀਂ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਵੱਲੋਂ ਰੈਸਟੋਰੈਂਟ 'ਚ ਸਾਫ-ਸਫਾਈ ਦਾ ਜਾਇਜ਼ਾ ਵੀ ਲਿਆ ਗਿਆ। ਉਨ੍ਹਾਂ ਦੱਸਿਆ ਕਿ ਖਾਦ ਪਦਾਰਥਾਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।