ਜਲੰਧਰ: ਆਏ ਦਿਨ ਪੰਜਾਬ 'ਚ ਸਾਈਬਰ ਕ੍ਰਾਇਮ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪੰਜਾਬ 'ਚ ਲਗਾਤਾਰ ਵੱਧ ਰਹੇ ਸਾਈਬਰ ਕ੍ਰਾਇਮ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਜਲੰਧਰ ਪੁਲਿਸ ਦੀ ਸਾਈਬਰ ਸੈੱਲ ਟੀਮ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।
ਇਸ ਦੌਰਾਨ ਮੋਬਾਈਲ ਵਿਕ੍ਰੇਤਾ ਤੇ ਵਿਦਿਆਰਥੀਆਂ ਨੇ ਵੀ ਮੋਬਾਈਲ ਦੀ ਸਹੀ ਵਰਤੋਂ ਅਤੇ ਕਿਸੇ ਵੀ ਤਰ੍ਹਾਂ ਆਪਣੇ ਡਾਟਾ ਨੂੰ ਕਿਸੇ ਨਾਲ ਸਾਂਝਾ ਨਾ ਕਰਨ ਦੀ ਅਪੀਲ ਕੀਤੀ ਹੈ। ਮੋਬਾਈਲ ਵਿਕ੍ਰੇਤਾ ਰਾਜੇਸ਼ ਬਾਹਰੀ ਨੇ ਦੱਸਿਆ ਕਿ ਸਾਈਬਰ ਅਪਰਾਧੀਆਂ ਵੱਲੋਂ ਮੋਬਾਈਲ ਨਾਲ ਕ੍ਰਾਈਮ ਕਰਨਾ ਅਸਾਨ ਹੋ ਗਿਆ ਹੈ। ਉਨ੍ਹਾਂ ਲੋਕਾਂ ਨੂੰ ਮੋਬਾਈਲ ਵੇਚਣ ਅਤੇ ਖ਼ਰੀਦਣ ਤੋਂ ਪਹਿਲਾਂ ਮੋਬਾਈਲ ਡਾਟਾ ਨੂੰ ਪੂਰੀ ਤਰ੍ਹਾਂ ਡੀਲੀਟ ਕਰਨ ਅਤੇ ਜਾਂਚ ਕਰਨ ਦੀ ਅਪੀਲ ਕੀਤੀ।
ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਾਈਬਰ ਸੈੱਲ ਜਲੰਧਰ ਦੇ ਏਸੀਪੀ ਸਤਿੰਦਰ ਚੱਢਾ ਨੇ ਦੱਸਿਆ ਕਿ ਉਨ੍ਹਾਂ ਕੋਲ ਰੋਜ਼ਾਨਾ ਸਾਈਬਰ ਕ੍ਰਾਇਮ ਤੇ ਆਨਲਾਈਨ ਠੱਗੀ ਸਬੰਧੀ ਕਈ ਸ਼ਿਕਾਇਤਾਂ ਆਉਂਦੀਆਂ ਹਨ। ਇਸ ਨੂੰ ਮੱਦੇਨਜ਼ਰ ਰੱਖਦਿਆਂ ਸਾਈਬਰ ਸੈੱਲ ਟੀਮ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਅਜਿਹੀਆਂ ਠੱਗੀਆਂ ਤੋਂ ਬਚ ਸਕਣ। ਇਸ ਤੋਂ ਇਲਾਵਾ ਅਪਰਾਧੀਆਂ ਵੱਲੋਂ ਵੱਖ-ਵੱਖ ਤਰੀਕਿਆਂ ਰਾਹੀਂ ਕੀਤੀਆਂ ਜਾਣ ਵਾਲੀਆਂ ਠੱਗੀਆਂ, ਮਹਿਲਾਵਾਂ ਨਾਲ ਹੋਣ ਵਾਲੇ ਸਾਈਬਰ ਕ੍ਰਾਇਮ ਬਾਰੇ ਜਾਗਰੂਕ ਕੀਤਾ ਜਾਵੇਗਾ।
ਏਸੀਪੀ ਨੇ ਦੱਸਿਆ ਕਿ ਉਨ੍ਹਾਂ ਕੋਲ ਸਾਈਬਰ ਕ੍ਰਾਇਮ ਦੀਆਂ 1628 ਸ਼ਿਕਾਇਤਾਂ ਦਰਜ ਹੋਈਆਂ ਹਨ। ਇਨ੍ਹਾਂ ਚੋਂ 1480 ਸ਼ਿਕਾਇਤਾਂ ਉੱਤੇ ਕਾਰਵਾਈ ਹੋ ਚੁੱਕੀ ਹੈ ਤੇ 148 ਸ਼ਿਕਾਇਤਾਂ ਪੈਂਡਿੰਗ 'ਚ ਹਨ। ਉਨ੍ਹਾਂ ਜਲਦ ਹੀ ਬਾਕੀ ਸ਼ਿਕਾਇਤਾਂ 'ਤੇ ਕਾਰਵਾਈ ਮੁਕੰਮਲ ਕਰਨ ਦਾ ਭਰੋਸਾ ਦਿੱਤਾ। ਏਸੀਪੀ ਨੇ ਲੋਕਾਂ ਨੂੰ ਬੈਂਕਿੰਗ ਸਬੰਧੀ ਫੇਕ ਕਾਲ, ਏਟੀਐਮ ਦਾ ਪਿੰਨ ਸ਼ੇਅਰ ਆਦਿ ਕਰਨ ਸਬੰਧੀ ਫੋਨ ਜਾਂ ਐਸਐਮਐਸ, ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ।
ਸਾਈਬਰ ਕ੍ਰਾਇਮ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਾਈਬਰ ਮਾਹਿਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਆਨਲਾਈਨ ਠੱਗੀ ਕਰਨ ਵਾਲੇ ਲੋਕ ਜ਼ਿਆਦਾਤਰ ਫੋਨ, ਐਸਐਮਐਸ ਅਤੇ ਲਾਟਰੀ ਆਦਿ ਦਾ ਬਹਾਨਾ ਲਾ ਕੇ ਲੋਕਾਂ ਨਾਲ ਲੁੱਟ ਕਰਦੇ ਹਨ। ਸਾਈਬਰ ਕ੍ਰਾਈਮ ਅਪਰਾਧੀ ਜ਼ਿਆਦਾਤਰ ਫੇਕ ਐਪਸ ਦਾ ਇਸਤੇਮਾਲ ਕਰਦੇ ਹਨ।
ਸਾਈਬਰ ਮਾਹਿਰ ਨੇ ਦੱਸਿਆ ਕਿ ਆਨਲਾਈਨ ਠੱਗੀਆਂ ਅਤੇ ਆਨਲਾਈਨ ਹਰਾਸਮੈਂਟ ਦਾ ਸਭ ਤੋਂ ਜਿਆਦਾ ਸ਼ਿਕਾਰ ਬੱਚੇ ਤੇ ਔਰਤਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਸਾਈਬਰ ਅਪਰਾਧੀ, ਸੋਸ਼ਲ ਮੀਡੀਆ 'ਤੇ ਆਨਲਾਈਨ ਸ਼ਾਪਿੰਗ ਤੇ ਡੇਟਿੰਗ ਕਰਨ ਵਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਲੋਕਾਂ ਨੂੰ ਆਨਲਾਈਨ ਸ਼ੌਪਿੰਗ, ਡੇਟਿੰਗ ਤੇ ਚੈਟਿੰਗ ਦੌਰਾਨ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਲੋਕ ਸ਼ਾਪਿੰਗ, ਸੋਸ਼ਲ ਮੀਡੀਆ 'ਤੇ ਡੇਟਿੰਗ ਅਤੇ ਬੈਂਕ ਸਬੰਧੀ ਕੰਮ ਕਰਦਿਆਂ ਵਿਸ਼ੇਸ਼ ਸਾਵਧਾਨੀ ਵਰਤਣਗੇ ਤਾਂ ਉਹ ਅਜਿਹੇ ਅਪਰਾਧਾਂ ਤੋਂ ਬਚ ਸਕਦੇ ਹਨ।