ਜਲੰਧਰ : ਸ਼ਹਿਰ 'ਚ ਲਗਾਤਾਰ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਇਸ ਦੇ ਚਲਦੇ ਸਿਹਤ ਵਿਭਾਗ ਦੀ ਟੀਮ ਵੱਲੋਂ ਲਗਾਤਾਰ ਸ਼ਹਿਰ ਵਾਸੀਆਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਸ਼ਹਿਰ ਦੇ ਲੰਮਾ ਪਿੰਡ 'ਚ ਇੱਕ ਮਹਿਲਾ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ, ਜਿਸ ਤੋਂ ਬਾਅਦ ਸਿਹਤ ਵਿਭਾਗ ਉਸ ਨੂੰ ਹਸਪਤਾਲ ਲਿਜਾਣ ਲਈ ਪਹੁੰਚੀ ਤਾਂ ਮਹਿਲਾ ਘਰੋਂ ਭੱਜ ਗਈ।
ਇਸ ਬਾਰੇ ਦੱਸਦੇ ਹੋਏ ਇਲਾਕੇ ਦੀ ਆਸ਼ਾ ਵਰਕਰ ਨਮਿਤਾ ਨੇ ਦੱਸਿਆ ਕਿ ਲੰਮਾ ਪਿੰਡ ਇਲਾਕੇ 'ਚ ਇੱਕ ਗਰਭਵਤੀ ਮਹਿਲਾ 'ਚ ਕੋਰੋਨਾ ਦੇ ਲੱਛਣ ਪਾਏ ਗਏ। ਜਿਸ ਤੋਂ ਬਾਅਦ ਉਸ ਨੇ ਸਿਹਤ ਵਿਭਾਗ ਦੀ ਟੀਮ ਨੂੰ ਸੂਚਨਾ ਦਿੱਤੀ। ਸਿਹਤ ਵਿਭਾਗ ਵੱਲੋਂ ਮਹਿਲਾ ਦੇ ਸੈਂਪਲ ਲਏ ਗਏ ਸਨ ਤੇ ਬੀਤੇ ਦਿਨ ਮਹਿਲਾ ਦੀ ਕੋਵਿਡ-19 ਰਿਪੋਰਟ ਪੌਜ਼ੀਟਿਵ ਪਾਈ ਗਈ।
ਨਮਿਤਾ ਨੇ ਦੱਸਿਆ ਕਿ ਮਹਿਲਾ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਮਗਰੋਂ ਉਹ ਸਿਹਤ ਵਿਭਾਗ ਟੀਮ ਨਾਲ ਉਸ ਦੇ ਘਰ ਪੁਜੀ ਤਾਂ ਜੋ ਮਹਿਲਾ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਸਕੇ। ਜਦ ਸਿਹਤ ਵਿਭਾਗ ਦੀ ਟੀਮ ਉਸ ਦੇ ਘਰ ਪੁਜੀ ਤਾਂ ਕੋਰੋਨਾ ਪੀੜਤ ਮਹਿਲਾ ਘਰੋਂ ਭੱਜ ਗਈ।
ਸਿਹਤ ਵਿਭਾਗ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਦੀ ਮਦਦ ਨਾਲ ਮਹਿਲਾ ਨੂੰ ਸੁੱਚੀ ਪਿੰਡ ਨੇੜੇ ਹਾਈਵੇ 'ਤੇ ਫੜਿਆ। ਕੋਰੋਨਾ ਪੀੜਤ ਮਹਿਲਾ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਉਕਤ ਮਹਿਲਾ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੇ ਸੈਂਪਲ ਲਏ ਜਾਣਗੇ। ਕੋਰੋਨਾ ਪੌਜ਼ੀਟਿਵ ਮਰੀਜ਼ ਦੇ ਪਤੀ ਤੇ ਉਸ ਦੀ ਬੱਚੀ ਨੂੰ ਹੋਮ ਕੁਆਰਨਟਾਇੰਨ ਕੀਤਾ ਗਿਆ ਹੈ।