ਜਲੰਧਰ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਅਲਗ-ਅਲਗ ਗਰਮਾਉਂਦੇ ਹੋਏ ਮਸਲਿਆਂ 'ਤੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਪੰਜਾਬ ਪੁਲਿਸ 'ਤੇ ਨਿਸ਼ਾਨੇ ਸਾਧੇ।
ਬੈਂਸ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਸੂਬੇ ਦੇ ਵਿੱਚ ਲਾਅ ਐਂਡ ਆਰਡਰ ਬਣਾਉਣ ਦੀ ਜ਼ਿੰਮੇਵਾਰੀ ਹੈ ਪਰ ਪਿਛਲੇ ਦਿਨੀਂ ਮੁਹਾਲੀ ਵਿੱਚ ਸ਼ਰੇਆਮ ਇੱਕ ਦੁਕਾਨਦਾਰ ਦਾ ਸਾਮਾਨ ਸੜਕ 'ਤੇ ਸੁੱਟ ਦਿੱਤਾ ਗਿਆ। ਬੈਂਸ ਨੇ ਕਿਹਾ ਕਿ ਪੁਲਿਸ ਨੂੰ ਕਿਸੇ ਦੇ ਹੱਕ ਮਾਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ।
ਇਸ ਦੇ ਨਾਲ ਹੀ ਬੈਂਸ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਪੰਜਾਬੀਆਂ ਦੇ ਅਧਿਕਾਰ ਉਜਾੜੇ ਜਾ ਰਹੇ ਹਨ ਅਤੇ ਸੁਖਬੀਰ ਬਾਦਲ, ਹਰਸਿਮਰਤ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਦੇਖ ਰਹੇ ਨੇ ਪਰ ਕੋਈ ਫੈਸਲਾ ਨਹੀਂ ਲੈ ਰਹੇ।
ਬੈਂਸ ਨੇ ਕਿਹਾ ਕਿ ਲੋਕ ਸਭਾ ਅਤੇ ਰਾਜ ਸਭਾ ਵਿੱਚ ਬਿਨਾਂ ਕਿਸੇ ਬਹਿਸ ਕੀਤੇ ਕਿਸਾਨਾਂ ਲਈ ਆਰਡੀਨੈਂਸ ਪਾਸ ਕੀਤੇ ਗਏ ਹਨ। ਸੂਬੇ ਦੇ ਹੱਕ ਨੂੰ ਖੋਹਿਆਂ ਜਾ ਰਿਹਾ ਹੈ ਤੇ ਮੁੱਖ ਮੰਤਰੀ ਚੁੱਪ ਬੈਠੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਿੱਚ ਮੰਤਰੀ ਹਰਸਿਮਰਤ ਬਾਦਲ ਨੇ ਇਸ ਬਿੱਲ 'ਤੇ ਹਸਤਾਖ਼ਰ ਵੀ ਕੀਤੇ ਹਨ।
ਬੈਂਸ ਨੇ ਕਿਹਾ ਕਿ ਬਾਦਲ ਪਰਿਵਾਰ ਪੰਜਾਬ ਵਿੱਚ ਦੋਹਰੀ ਰਾਜਨੀਤੀ ਕਰ ਰਿਹਾ ਹੈ, ਜਿਸ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਕਿਸਾਨ ਸੁਧਾਰ ਬਿੱਲ 'ਤੇ ਜ਼ਬਰਦਸਤ ਅੰਦੋਲਨ ਛੇੜਨ ਜਾ ਰਿਹਾ ਹੈ। ਸੂਬੇ ਵਿੱਚ ਨਾਈਟ ਲੌਕਡਾਊਨ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਜੋ ਚੀਜ਼ ਠੀਕ ਹੈ ਉਸ ਦਾ ਉਹ ਸਵਾਗਤ ਕਰਦੇ ਹਨ ਪਰ ਵੀਕੈਂਡ ਲੌਕਡਾਊਨ ਵਿੱਚ ਅਤੇ ਹੁਣ ਹਰਾਸ ਪੂਰਨ ਸਥਿਤੀ ਪੈਦਾ ਕਰ ਦਿੱਤੀ ਗਈ ਹੈ ਕਿਉਂਕਿ ਦੁਕਾਨਾਂ ਖੁੱਲ੍ਹਣਗੀਆਂ ਮਗਰ ਲੋਕ ਘਰਾਂ ਵਿੱਚ ਹੀ ਰਹਿਣਗੇ।