ਜਲੰਧਰ: ਜਲੰਧਰ(JALANDHAR) ਦੇ ਕਸਬਾ ਗੁਰਾਇਆ ਦੇ ਪਿੰਡ ਸੰਗ ਢੇਸੀਆਂ ਵਿਖੇ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਅਸੀਂ ਸਹਿਜ ਨਹੀਂ ਰਹਿ ਪਾਉਂਦੇ। ਕਿਸੇ ਅਣਪਛਾਤੇ ਵਿਅਕਤੀ ਵੱਲੋਂ ਰਾਤ ਵੇਲੇ ਘਰ ਵਿੱਚ ਵੜ ਕੇ ਸੁੱਤੀ ਪਈ, ਦਸ ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਵੇਲੇ ਜਦੋਂ ਸਾਰੇ ਹੀ ਸੌਂ ਗਏ ਸਨ, ਤਾਂ ਰਾਤ ਦੇ ਸਾਢੇ ਬਾਰਾਂ ਵਜੇ ਦੇ ਕਰੀਬ ਉਨ੍ਹਾਂ ਦੇ ਘਰ ਦੀ ਉਪਰਲੀ ਛੱਤ ਵਾਲੇ ਕਮਰੇ ਦਾ ਦਰਵਾਜ਼ੇ ਦਾ ਕੁੰਡਾ ਤੋੜ ਕੇ ਇਕ ਅਣਪਛਾਤਾ ਵਿਅਕਤੀ ਦਾਖ਼ਲ ਹੋ ਗਿਆ।
ਦਸ ਸਾਲਾ ਬੱਚੀ ਨੂੰ ਚੁੱਕ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਬੱਚੀ ਨੇ ਰੌਲ਼ਾ ਪਾਇਆ ਤੇ ਰੌਲ਼ਾ ਸੁਣ ਕੇ ਪਰਿਵਾਰ ਜਾਗ ਗਿਆ। ਉਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਉਸ ਅਣਪਛਾਤੇ ਵਿਅਕਤੀ ਤੋਂ ਆਪਣੀ ਬੱਚੀ ਨੂੰ ਛੁਡਾ ਲਿਆ ਗਿਆ।
ਉਨ੍ਹਾਂ ਨੇ ਦੱਸਿਆ ਕਿ ਰਾਤ ਦਾ ਵੇਲਾ ਸੀ, ਜਿਸ ਕਾਰਨ ਅੰਧੇਰੇ ਦਾ ਫ਼ਾਇਦਾ ਚੁੱਕਦੇ ਹੋਏ ਚੋਰ ਭੱਜਣ ਵਿੱਚ ਕਾਮਯਾਬ ਹੋ ਗਿਆ। ਚੋਰ ਦੀ ਤਸਵੀਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਉਨ੍ਹਾਂ ਨੇ ਇਸ ਦੀ ਜਾਣਕਾਰੀ ਗੁਰਾਇਆ ਪੁਲਿਸ(Goraya police) ਨੂੰ ਵੀ ਦੇ ਦਿੱਤੀ ਹੈ। ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਇਨ੍ਹਾਂ ਲੁਟੇਰਿਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ। ਕਿਉਂਕਿ ਪਹਿਲਾਂ ਤਾਂ ਇਹ ਘਰ ਦਾ ਸਾਮਾਨ ਚੋਰੀ ਕਰਦੇ ਸਨ। ਪਰ ਹੁਣ ਬੱਚੇ ਵੀ ਚੋਰੀ ਕਰਨ ਲੱਗ ਪਏ ਹਨ। ਇਹ ਬੱਚੀ ਨੂੰ ਕਿਸ ਮਕਸਦ ਲਈ ਚੁੱਕਣ ਆਇਆ ਸੀ। ਇਸ ਬਾਰੇ ਤਾਂ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਪਾਇਆ।