ਜਲੰਧਰ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (2022 Punjab Assembly Election) ’ਤੇ ਚੱਲਦੇ ਹਰ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਕਈ ਪਾਰਟੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਉਮੀਦਵਾਰਾਂ ਦੀ ਚੋਣ ਸਥਾਨਕ ਪੱਧਰ ’ਤੇ ਆਪਣੇ ਵਰਕਰਾਂ ਨਾਲ ਸਲਾਹ ਕਰਕੇ ਕਰ ਰਹੇ ਹਨ, ਤਾਂ ਕਿ ਹਰ ਸੀਟ ’ਤੇ ਪੂਰੀ ਟੀਮ ਰਲ ਕੇ ਮਿਹਨਤ ਕਰ ਸਕੇ।
ਦੂਜੇ ਪਾਸੇ, ਜੇ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਕੁਝ ਉਲਟੀ ਹੀ ਚਲਦੀ ਦਿਖਾਈ ਦਿੱਤੀ ਹੈ। ਆਮ ਆਦਮੀ ਪਾਰਟੀ ਵਲੋਂ ਜਲੰਧਰ ਦੀਆਂ ਤਿੰਨ ਸ਼ਹਿਰੀ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਜਾਣ ਤੋਂ ਬਾਅਦ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਇਲਾਕਿਆਂ ਵਿੱਚ ਕੰਮ ਕਰ ਰਹੀ ਟੀਮ ਖ਼ਾਸੀ ਨਿਰਾਸ਼ ਦਿਖ ਰਹੀ ਹੈ।
ਆਮ ਆਦਮੀ ਪਾਰਟੀ ਵੱਲੋਂ ਉਤਾਰੇ ਗਏ ਉਮੀਦਵਾਰ
ਆਮ ਆਦਮੀ ਪਾਰਟੀ ਵੱਲੋਂ ਜਲੰਧਰ ਸ਼ਹਿਰੀ ਦੀਆਂ ਤਿੰਨ ਸੀਟਾਂ ਜਿਸ ਵਿੱਚ ਜਲੰਧਰ ਪੱਛਮ , ਜਲੰਧਰ ਕੇਂਦਰੀ ਅਤੇ ਜਲੰਧਰ ਉੱਤਰੀ ਵਿੱਚ ਜਿਨ੍ਹਾਂ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ, ਉਹ ਆਮ ਆਦਮੀ ਪਾਰਟੀ ਵਿੱਚ ਬਿਲਕੁਲ ਨਵੇਂ ਜੁੜੇ ਹਨ। ਇਸ ਕਾਰਨ ਜਲੰਧਰ ’ਚ ਪੁਰਾਣੇ ਵਰਕਰ ਨਾਰਾਜ਼ ਨਜਰ ਆ ਰਹੇ ਹਨ।
ਸ਼ੀਤਲ ਅੰਗੂਰਾਲ
ਇਨ੍ਹਾਂ ਵਿੱਚੋਂ ਪਹਿਲੇ ਨੰਬਰ ’ਤੇ ਹਨ ਜਲੰਧਰ ਪੱਛਮ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੂਰਾਲ। ਸ਼ੀਤਲ ਅੰਗੂਰਾਲ ਦਾ ਪਿਛੋਕੜ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਇੱਕ ਨੌਜਵਾਨ ਆਗੂ ਕਿਹਾ ਜਾਂਦਾ ਰਿਹਾ ਹੈ। ਪਰ ਰਾਤੋਂ ਰਾਤ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰਨ ਦੇ ਅਗਲੇ ਦਿਨ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ। ਸ਼ੀਤਲ ਅੰਗੂਰਾਲ ਦਾ ਆਧਾਰ ਸਿਰਫ਼ ਇਹ ਹੈ ਕਿ ਉਨ੍ਹਾਂ ਕੋਲ ਜਲੰਧਰ ਪੱਛਮ ਹਲਕੇ ਵਿੱਚ ਕਾਂਗਰਸ ਦੇ ਉਮੀਦਵਾਰ ਸੁਸ਼ੀਲ ਰਿੰਕੂ ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਦੀ ਉਹ ਵੋਟ ਹੈ ਜੋ ਟੁੱਟ ਕੇ ਉਨ੍ਹਾਂ ਨਾਲ ਜੁੜ ਕੇ ਆਮ ਆਦਮੀ ਪਾਰਟੀ ਵਿੱਚ ਆਈ ਹੈ। ਪਰ ਇਸ ਦੇ ਨਾਲ ਹੀ ਇਨ੍ਹਾਂ ਚੋਣਾਂ ਵਿੱਚ ਸ਼ੀਤਲ ਅੰਗੁਰਾਲ ਨੂੰ ਉਨ੍ਹਾਂ ਖਿਲਾਫ ਦਰਜ ਮਾਮਲੇ ਜ਼ਰੂਰ ਪਰੇਸ਼ਾਨ ਕਰ ਸਕਦੇ ਹਨ ਜਿਨ੍ਹਾਂ ਦਾ ਵਿਰੋਧੀ ਉਨ੍ਹਾਂ ਖ਼ਿਲਾਫ਼ ਚੋਣ ਪ੍ਰਚਾਰ ਕਰਨ ਲਈ ਖ਼ੂਬ ਫ਼ਾਇਦਾ ਚੁੱਕਣਗੇ।
ਰਮਨ ਅਰੋੜਾ
ਜਲੰਧਰ ਕੇਂਦਰੀ ਹਲਕੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਰਮਨ ਅਰੋੜਾ ਉਤਾਰੇ ਗਏ ਹਨ। ਰਮਨ ਅਰੋੜਾ ਜੋ ਪੇਸ਼ੇ ਤੋਂ ਇਕ ਵਪਾਰੀ ਹਨ ਅਤੇ ਰਾਜਨੀਤੀ ਉਨ੍ਹਾਂ ਲਈ ਬਿਲਕੁੱਲ ਨਵੀਂ ਗੇਮ ਹੈ। ਹਾਲਾਂਕਿ ਰਮਨ ਅਰੋੜਾ ਦੀ ਰਿਹਾਇਸ਼ ਜਲੰਧਰ ਪੱਛਮ ਇਲਾਕੇ ਵਿੱਚ ਹੈ ਪਰ ਉਨ੍ਹਾਂ ਦਾ ਵਪਾਰ ਜਲੰਧਰ ਕੇਂਦਰੀ ਹਲਕੇ ਵਿੱਚ ਪੈਂਦਾ ਹੈ ਅਤੇ ਇਕ ਵੱਡਾ ਵਪਾਰੀ ਵਰਗ ਉਨ੍ਹਾਂ ਨਾਲ ਜੁੜਿਆ ਹੋਇਆ ਹੈ। ਰਮਨ ਅਰੋੜਾ ਲਈ ਜਲੰਧਰ ਕੇਂਦਰੀ ਹਲਕੇ ਦੀਆਂ ਚੋਣਾਂ ਲੜਨ ਲਈ ਹੋਣ ਵਾਲੇ ਵਿਰੋਧ ਵਿਚ ਉਨ੍ਹਾਂ ਨੂੰ ਵਿਰੋਧੀਆਂ ਦੀ ਲੋੜ ਨਹੀਂ ਕਿਉਂਕਿ ਖ਼ੁਦ ਆਪਣੀ ਹੀ ਪਾਰਟੀ ਦੇ ਜਲੰਧਰ ਕੇਂਦਰੀ ਤੋਂ ਆਗੂ ਅਤੇ ਵਰਕਰ ਉਨ੍ਹਾਂ ਦੇ ਵਿਰੋਧ ਵਿੱਚ ਹਨ ਕਿਉਂਕਿ ਪਾਰਟੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਸ ਇਲਾਕੇ ਵਿੱਚ ਮਿਹਨਤ ਕਰ ਰਹੇ ਡਾ. ਸੰਜੀਵ ਸ਼ਰਮਾ ਨੂੰ ਨਜਰ ਅੰਦਾਜ ਕੀਤਾ ਗਿਆ ਹੈ।
ਦਿਨੇਸ਼ ਢੱਲ
ਆਮ ਆਦਮੀ ਪਾਰਟੀ ਵੱਲੋਂ ਜਲੰਧਰ ਵਿਖੇ ਤੀਜੇ ਉਮੀਦਵਾਰ ਜਲੰਧਰ ਉੱਤਰੀ ਹਲਕੇ ਤੋਂ ਦਿਨੇਸ਼ ਢੱਲ ਹਨ। ਦਿਨੇਸ਼ ਢੱਲ ਪਹਿਲੇ ਕਾਂਗਰਸ ਇੱਕ ਚਿਹਰਾ ਹੁੰਦੇ ਸੀ ਉਸ ਤੋਂ ਬਾਅਦ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜੀਆਂ ਅਤੇ ਹੁਣ ਉਹ ਆਮ ਆਦਮੀ ਪਾਰਟੀ ਦੇ ਜਲੰਧਰ ਉੱਤਰੀ ਦੇ ਉਮੀਦਵਾਰ ਹਨ। ਦਿਨੇਸ਼ ਢੱਲ ਨੁੰ ਆਪ ਆਦਮੀ ਪਾਰਟੀ ਵੱਲੋਂ ਇਸ ਇਲਾਕੇ ਦੀ ਉਮੀਦਵਾਰੀ ਦੇਣ ਦਾ ਕਾਰਨ ਇਹ ਹੈ ਕਿ ਇਸ ਇਲਾਕੇ ਵਿੱਚ ਇਲਾਕੇ ਦੇ ਮੌਜੂਦਾ ਵਿਧਾਇਕ ਅਵਤਾਰ ਸਿੰਘ ਹੈਨਰੀ ਜੂਨੀਅਰ ਖ਼ਿਲਾਫ਼ ਉਮੀਦਵਾਰ ਉਤਾਰਨ ਲਈ ਕੋਈ ਵੱਡਾ ਚਿਹਰਾ ਨਹੀਂ ਹੈ। ਉਧਰ ਦਿਨੇਸ਼ ਢੱਲ ਦਾ ਆਪਣਾ ਲੋਕਾਂ ਵਿੱਚ ਚੰਗਾ ਰਸੂਖ ਹੈ ਅਤੇ ਉਹ ਅਤੇ ਉਨ੍ਹਾਂ ਦੇ ਭਰਾ ਇਨ੍ਹਾਂ ਇਲਾਕਿਆਂ ਵਿੱਚੋਂ ਕੌਂਸਲਰ ਵੀ ਰਹਿ ਚੁੱਕੇ ਹਨ।
ਪਾਰਟੀ ਤੋਂ ਨਾਰਾਜ਼ ਚਿਹਰੇ:-
ਉੱਧਰ ਦੂਜੇ ਪਾਸੇ ਪਾਰਟੀ ਵੱਲੋਂ ਉਹ ਲੋਕ ਜਿਨ੍ਹਾਂ ਦੀ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਵੀ ਪਾਰਟੀ ਹਨ ਉਨ੍ਹਾਂ ਨੂੰ ਚੋਣ ਲੜਨ ਲਈ ਟਿਕਟ ਨਹੀਂ ਦਿੱਤੀ ਅੱਜ ਪਾਰਟੀ ਤੋਂ ਖਾਸੇ ਨਾਰਾਜ਼ ਨਜ਼ਰ ਆ ਰਹੇ। ਇਨ੍ਹਾਂ ਵਿੱਚੋਂ ਇੱਕ ਸ਼ਿਵ ਦਿਆਲ ਮਾਲੀ ਨੂੰ ਤਾਂ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਹੈ, ਜਦਕਿ ਬਾਕੀ ਖੁਦ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ।
ਸ਼ਿਵ ਦਿਆਲ ਮਾਲੀ
ਸ਼ਿਵ ਦਿਆਲ ਮਾਲੀ ਇਕ ਰਿਟਾਇਰਡ ਸਰਕਾਰੀ ਡਾਕਟਰ ਅਤੇ ਸਮਾਜ ਸੇਵੀ ਹਨ। ਉਨ੍ਹਾਂ ਨੇ ਕਈ ਸਾਲ ਪਹਿਲੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਅਤੇ ਪਾਰਟੀ ਵਿਚ ਕਈ ਅਹੁਦਿਆਂ ’ਤੇ ਵੀ ਰਹੇ। ਸ਼ਿਵ ਦਿਆਲ ਮਾਲੀ ਜਿਨ੍ਹਾਂ ਦੇ ਜਲੰਧਰ ਵੈਸਟ ਹਲਕੇ ਵਿਚ ਲੋਕਾਂ ਦੀ ਸੇਵਾ ਕਰਦੇ ਹੋਏ ਮੁਫਤ ’ਚ ਕਲੀਨਿਕ ਵੀ ਚਲਾਇਆ ਅਤੇ ਹੁਣ ਆਪਣੇ ਆਪ ਨੂੰ ਜਲੰਧਰ ਵੈਸਟ ਹਲਕੇ ਦਾ ਇੱਕ ਮਜ਼ਬੂਤ ਦਾਅਵੇਦਾਰ ਮੰਨਦੇ ਸੀ। ਆਮ ਲੋਕਾਂ ਵਿੱਚ ਆਪਣੀ ਹੋਂਦ ਬਣਾ ਚੁੱਕੇ ਸ਼ਿਵ ਦਿਆਲ ਮਾਲੀ ਪਾਰਟੀ ਵਿਚ ਆਪਣਾ ਰਸੂਖ਼ ਨਹੀਂ ਬਣਾ ਪਾਏ ਅਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ।
ਡਾ. ਸੰਜੀਵ ਸ਼ਰਮਾ
ਡਾ. ਸੰਜੀਵ ਸ਼ਰਮਾ ਪੇਸ਼ੇ ਤੋਂ ਇਕ ਈਐਨਟੀ ਸਪੈਸ਼ਲਿਸਟ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ’ਚ ਉਸ ਸਮੇਂ ਸ਼ਾਮਲ ਹੋਏ ਸੀ ਜਦੋ ਆਮ ਆਦਮੀ ਪਾਰਟੀ ਪੰਜਾਬ ਵਿੱਚ ਹੋਂਦ ਵਿਚ ਆਈ ਸੀ। ਡਾ. ਸੰਜੀਵ ਸ਼ਰਮਾ ਦਾ ਪਾਰਟੀ ਵਿੱਚ ਇੱਕ ਆਮ ਵਰਕਰ ਤੋਂ ਲੈ ਕੇ ਉੱਚ ਪੱਧਰ ਦਾ ਸਹੀ ਰਸੂਖ ਸੀ। ਪਾਰਟੀ ਵਿੱਚ ਗਰਾਊਂਡ ਪੱਧਰ ਤੋਂ ਜੁੜੇ ਹੋਣ ਕਰਕੇ ਉਨ੍ਹਾਂ ਦੀ ਵਰਕਰਾਂ ’ਚ ਵਧੀਆ ਪਹੁੰਚ ਸੀ। ਡਾ. ਸੰਜੀਵ ਸ਼ਰਮਾ ਦਾ ਮਾਈਨਸ ਪੁਆਇੰਟ ਸਿਰਫ ਇਹ ਰਿਹਾ ਕਿ ਉਹ ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਕੇਂਦਰੀ ਹਲਕੇ ਦੀ ਸੀਟ ’ਤੇ ਚੋਣਾਂ ਲੜੇ ਸੀ ਪਰ ਉਸ ਵਿੱਚ ਕਾਂਗਰਸ ਦੇ ਉਮੀਦਵਾਰ ਰਾਜਿੰਦਰ ਬੇਰੀ ਕੋਲੋਂ ਉਨ੍ਹਾਂ ਦੀ ਹਾਰ ਹੋ ਗਈ।
ਇਕਬਾਲ ਸਿੰਘ ਢੀਂਡਸਾ
ਉੱਧਰ ਜਲੰਧਰ ਕੇਂਦਰੀ ਇਲਾਕੇ ਵਿੱਚ ਪਾਰਟੀ ਕੋਲੋਂ ਟਿਕਟ ਲੈਣ ਦੇ ਇੱਛੁਕ ਇਕਬਾਲ ਸਿੰਘ ਢੀਂਡਸਾ ਪਹਿਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੀ। ਉਨ੍ਹਾਂ ਦੀ ਪਤਨੀ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸੇ ਇਲਾਕੇ ਵਿੱਚ ਕੌਂਸਲਰ ਵੀ ਰਹਿ ਚੁੱਕੇ ਹਨ। ਇਕਬਾਲ ਸਿੰਘ ਢੀਂਡਸਾ ਨੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦਾ ਹੱਥ ਫੜਿਆ ਸੀ ਤਾਂ ਕਿ ਅਸਾਨੀ ਨਾਲ ਟਿਕਟ ਮਿਲ ਸਕੇ। ਪਰ ਆਮ ਆਦਮੀ ਪਾਰਟੀ ਵੱਲੋਂ ਇਹ ਟਿਕਟ ਇਲਾਕੇ ਦੇ ਕਾਰੋਬਾਰੀ ਰਮਨ ਅਰੋੜਾ ਨੂੰ ਦੇ ਦਿੱਤੀ ਗਈ।
ਖੈਰ ਹੁਣ ਦੇਖਣਾ ਇਹ ਹੈ ਕਿ ਜਲੰਧਰ ਦੀਆ ਸ਼ਹਿਰੀ ਸੀਟਾਂ ਉੱਤੇ ਆਪਣੇ ਪੁਰਾਣੇ ਨੇਤਾਵਾਂ ਅਤੇ ਵਰਕਰਾਂ ਨਾਲ ਵਿਗਾੜ ਕੇ ਅਤੇ ਨਵੇਂ ਉਮੀਦਵਾਰਾਂ ਨੂੰ ਉਤਾਰ ਕੇ, ਕੀ ਆਮ ਆਦਮੀ ਪਾਰਟੀ ਇਨ੍ਹਾਂ ਸੀਟਾਂ ਨੂੰ ਜਿੱਤਣ ਵਿੱਚ ਕਾਮਯਾਬ ਹੁੰਦੀ ਹੈ ਜਾਂ ਨਹੀਂ।
ਇਹ ਵੀ ਪੜੋ: ਬੀਬੀ ਜਗੀਰ ਕੌਰ ਤੋਂ ਦਾਗ ਮਿਟਿਆ ਪਰ ਖਹਿਰਾ ਨੂੰ ਜੇਲ੍ਹ ਤੋਂ ਲੜਨੀ ਪੈ ਸਕਦੀ ਹੈ ਭੁਲੱਥ ਦੀ ਚੋਣ