ਹੁਸ਼ਿਆਰਪੁਰ: ਸ਼ਹਿਰ ਦੇ ਫਗਵਾੜਾ ਰੋਡ 'ਤੇ ਸਥਿਤ ਸਬਜ਼ੀ ਮੰਡੀ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਰੇਹੜੀ-ਫੜੀਆਂ ਲਾਉਣ ਵਾਲਿਆਂ ਵੱਲੋਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਰੋਸ ਪ੍ਰਦਰਸ਼ਨ ਕੀਤਾ ਗਿਆ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਹ ਰੇਹੜੀ ਲਗਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਵਾਰ-ਵਾਰ ਪੱਕੀ ਥਾਂ ਦਿੱਤੇ ਜਾਣ ਦੀ ਗੱਲ ਕਹਿ ਕੇ ਮੰਡੀ ਸ਼ਿਫਟ ਕਰਵਾ ਦਿੱਤੀ ਜਾਂਦੀ ਹੈ। ਕਈ ਵਾਰ ਮੰਗ ਕਰਨ ਦੇ ਬਾਵਜੂਦ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਪੱਕੀ ਥਾਂ ਨਹੀਂ ਦਿੱਤੀ ਗਈ ਹੈ। ਇਸ ਲਈ ਮਜਬੂਰ ਹੋ ਕੇ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਮੰਡੀ ਅੰਦਰ ਰੋਜ਼ਾਨਾ 150 ਤੋਂ 200 ਰੇਹੜੀਆਂ ਲਗਦੀਆਂ ਹਨ। ਉਨ੍ਹਾਂ ਦੱਸਿਆ ਕਿ ਹਰ ਰੇਹੜੀ ਵਾਲੇ ਕੋਲੋਂ 140 ਰੁਪਏ ਦੀ ਸਰਕਾਰੀ ਪਰਚੀ ਕੱਟੀ ਜਾਂਦੀ ਹੈ ਪਰ ਫਿਰ ਵੀ ਉਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਸ਼ਿਫਟ ਕੀਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੇ ਵਪਾਰ 'ਤੇ ਮਾੜਾ ਅਸਰ ਪੈਂਦਾ ਹੈ।
ਦੂਜੇ ਪਾਸੇ ਜਦ ਇਸ ਬਾਰੇ ਮੰਡੀ ਬੋਰਡ ਦੇ ਸਕੱਤਰ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੋਈ ਖ਼ਾਸ ਜਵਾਬ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਜਲਦ ਹੀ ਰੇਹੜੀ ਵਾਲੀਆਂ ਪੱਕੀ ਥਾਂ ਅਲਾਟ ਕੀਤੀ ਜਾਵੇਗੀ।