ਹੁਸ਼ਿਆਰਪੁਰ: ਬੀਤੀ ਰਾਤ ਬਿਸਤ ਦੁਆਬ ਨਹਿਰ ਕੋਟਫਤੂਹੀ ਨਜ਼ਦੀਕ ਇੱਕ ਸਵਿਫਟ ਕਾਰ ਅਤੇ ਸਫਾਰੀ ਗੱਡੀ ਦੇ ਨਹਿਰ 'ਚ ਡਿੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕਾਂ ਦੀ ਪਹਿਚਾਣ ਅਨਮੋਲ ਦੀਪ ਸਿੰਘ ਵਾਸੀ ਘੁਮਿਆਲਾ ਅਤੇ ਜਸਦੀਪ ਸਿੰਘ ਵਾਸੀ ਕੋਟਫਤੂਹੀ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਾਹਿਲਪੁਰ ਦੇ ਐੱਸਐੱਚਓ ਸਤਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਚੇਲੇ ਪਿੰਡ ਤੋਂ ਥਾਣਾ ਮਾਹਿਲਪੁਰ ਅਧੀਨ ਆਉਂਦੀ ਚੌਕੀ ਕੋਟਫਤੂਹੀ 'ਚ ਮਨਜਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਇਤਲਾਹ ਦਿੱਤੀ ਸੀ ਕਿ ਉਸਦੇ ਜਨਮਦਿਨ ਦੀ ਪਾਰਟੀ 'ਤੇ ਉਸਦੇ ਕੁਝ ਦੋਸਤ ਆਏ ਹੋਏ ਸਨ ਤੇ ਹੁਣ ਫੋਨ ਨਹੀਂ ਚੁੱਕ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਸਰਿਹਾਲਾ ਕਲਾਂ ਦਾ ਇੱਕ ਨੌਜਵਾਨ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਰਾਤ ਜਦੋਂ ਉਹ ਘਰ ਵਾਪਿਸ ਆ ਰਿਹਾ ਸੀ ਤਾਂ ਉਸਦੀ ਸਫਾਰੀ ਗੱਡੀ ਦੀ ਬ੍ਰੇਕ ਫੇਲ੍ਹ ਹੋ ਗਈ , ਜਿਸ ਕਾਰਨ ਗੱਡੀ ਨਹਿਰ ਚ ਡਿੱਗ ਪਈ। ਉਨ੍ਹਾਂ ਦੱਸਿਆ ਕਿ ਕਿਸੇ ਤਰ੍ਹਾਂ ਗੱਡੀ ਦਾ ਸੀਸ਼ਾ ਤੋੜ ਕੇ ਉਹ ਗੱਡੀ ਤੋਂ ਬਾਹਰ ਆਇਆ ਅਤੇ ਰਾਹਗੀਰਾਂ ਵਲੋਂ ਉਸਦੀ ਮਦਦ ਕਰਕੇ ਜਾਨ ਬਚਾਈ ਗਈ। ਜਿਸ ਤੋਂ ਬਾਅਦ ਉਹ ਘਰ ਚਲਾ ਗਿਆ।
ਪੁਲਿਸ ਦਾ ਕਹਿਣਾ ਕਿ ਕਿਸੇ ਨੂੰ ਵੀ ਉਕਤ ਸਵੀਫ਼ਟ ਗੱਡੀ ਦੇ ਨਹਿਰ 'ਚ ਡਿੱਗਣ ਦਾ ਨਹੀਂ ਪਤਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਸਵੇਰੇ ਸਫਾਰੀ ਗੱਡੀ ਬਾਹਰ ਕੱਢਣ ਲੱਗੇ ਤਾਂ ਉਸ ਵਕਤ ਪਤਾ ਲੱਗਾ ਕਿ ਸਵੀਫਟ ਕਾਰ ਵੀ ਨਹਿਰ 'ਚ ਹੀ ਡਿੱਗੀ ਹੋਈ ਹੈ। ਜਿਸ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਕਰੀਬ ਸਾਢੇ 9 ਵਜੇ ਵਾਪਿਸ ਆ ਰਹੇ ਸਨ ਤਾਂ ਇਸ ਦੌਰਾਨ ਉਸਦੀ ਗੱਡੀ ਨਹਿਰ ਚ ਜਾ ਡਿੱਗੀ। ਉਨ੍ਹਾਂ ਦੱਸਿਆ ਕਿ ਉਸ ਮਗਰ ਆ ਰਹੀ ਸਵੀਫਟ ਕਾਰ ਵੀ ਨਹਿਰ ਚ ਹੀ ਜਾ ਡਿੱਗੀ। ਜਿਸ ਕਾਰਨ ਉਸਦੇ ਦੋ ਦੋਸਤਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ:ਵਸੀਮ ਰਿਜ਼ਵੀ ਵੱਲੋਂ 'ਕੁਰਾਨ ਸ਼ਰੀਫ਼' ਬਾਰੇ ਕੀਤੀ 'ਟਿੱਪਣੀ ਵਿਰੁੱਧ ਪ੍ਰਦਰਸ਼ਨ