ਹੁਸ਼ਿਆਰਪੁਰ : ਜ਼ਿਲ੍ਹਾ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਈ.ਆਫਿਸ ਪ੍ਰੋਜੈਕਟ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਵਿਭਾਗਾਂ ਦੇ ਨੋਡਲ ਅਫ਼ਸਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਨੋਡਲ ਅਫ਼ਸਰਾਂ ਈ.ਆਫਿਸ ਪ੍ਰੋਜੈਕਟ ਨੂੰ ਗੰਭੀਰਤਾ ਨਾਲ ਲਾਗੂ ਕਰਨ ਦੀ ਗੱਲ ਆਖੀ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਵੱਖ-ਵੱਖ ਵਿਭਾਗਾਂ ਵਲੋਂ ਨਿਯੁਕਤ ਕੀਤੇ ਨੋਡਲ ਅਫ਼ਸਰਾਂ ਨਾਲ ਮੀਟਿੰਗ ਕਰਦਿਆਂ ਹਦਾਇਤ ਦਿੱਤੀ ਕਿ ਈ.ਆਫਿਸ ਪ੍ਰੋਜੈਕਟ ਸਬੰਧੀ ਪੂਰੀ ਗੰਭੀਰਤਾ ਦਿਖਾਈ ਜਾਵੇ, ਤਾਂ ਜੋ ਇਸ ਪ੍ਰੋਜੈਕਟ ਨੂੰ ਨਿਸ਼ਚਿਤ ਸਮੇਂ ਦੌਰਾਨ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਐਨ.ਆਈ.ਸੀ ਅਤੇ ਗਵਰਨੈਂਸ ਰਿਫੋਰਮਸ ਵਲੋਂ ਹਰੇਕ ਵਿਭਾਗ ਦੇ ਨੋਡਲ ਅਫ਼ਸਰ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਜੇਕਰ ਕਿਸੇ ਨੋਡਲ ਅਫ਼ਸਰ ਨੂੰ ਅਜੇ ਵੀ ਕਿਸੇ ਵੀ ਤਰ੍ਹਾਂ ਦੀ ਟ੍ਰੇਨਿੰਗ ਦੀ ਲੋੜ ਹੈ ਤਾਂ ਉਹ ਅਜੇ ਵੀ ਟ੍ਰੇਨਿੰਗ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 1 ਜਨਵਰੀ ਤੋਂ ਮੈਨੂੰਅਲ ਫਾਈਲ ਦਾ ਕੰਮ ਬੰਦ ਹੋ ਜਾਵੇਗਾ।ਇਸ ਲਈ 1 ਜਨਵਰੀ ਤੋਂ ਪਹਿਲਾਂ-ਪਹਿਲਾਂ ਈ. ਆਫਿਸ ਸਬੰਧੀ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਆਖਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ 01 ਜਨਵਰੀ 2020 ਤੋਂ ਸਮੂਹ ਦਫ਼ਤਰਾਂ ਦੇ ਕੰਮਕਾਜ ਨੂੰ ਪੇਪਰ ਮੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਹੈ। ਇਸ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਵਿਭਾਗਾਂ ਅੰਦਰ ਈ.ਆਫਿਸ ਪ੍ਰੋਜੈਕਟ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇਗਾ। ਈ. ਆਫਿਸ ਪ੍ਰੋਜੈਕਟ ਨਾਲ ਜਿਥੇ ਦਫ਼ਤਰੀ ਕੰਮਕਾਜ ਪੇਪਰ ਮੁਕਤ ਹੋ ਜਾਵੇਗਾ, ਉਥੇ ਹੀ ਦੂਜੇ ਪਾਸੇ ਦਫ਼ਤਰਾਂ ਦੇ ਕੰਮਕਾਜ ਵਿੱਚ ਹੋਰ ਪਾਰਦਰਸ਼ਤਾ ਵੀ ਆਵੇਗੀ ਅਤੇ ਕੰਮ ਵੀ ਸਮਾਂ ਬੱਧ ਤਰੀਕੇ ਨਾਲ ਪੂਰਾ ਹੋ ਸਕੇਗਾ।
ਹੋਰ ਪੜ੍ਹੋ :ਉਨਾਵ ਜਬਰ ਜਨਾਹ ਮਾਮਲਾ : ਦਿੱਲੀ ਤੋਂ ਉਨਾਵ ਲਿਆਂਦੀ ਗਈ ਪੀੜਤਾ ਦੀ ਲਾਸ਼, ਪਿੰਡ 'ਚ ਸੋਗ ਦੀ ਲਹਿਰ
ਡਿਪਟੀ ਕਮਿਸ਼ਨਰ ਨੇ ਸਮੂਹ ਨੋਡਲ ਅਫ਼ਸਰਾਂ ਨੂੰ ਨਸ਼ਿਆਂ ਵਿਰੁੱਧ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਡੈਪੋ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਲਈ ਜਿਹੜੇ ਨੋਡਲ ਅਫ਼ਸਰ ਅਜੇ ਤੱਕ ਡੈਪੋ (ਨਸ਼ਾ ਰੋਕੂ ਅਫ਼ਸਰ) ਨਹੀਂ ਬਣੇ, ਉਹ ਪਹਿਲ ਦੇ ਆਧਾਰ 'ਤੇ ਡੈਪੋ ਬਣਨ। ਉਨ੍ਹਾਂ ਆਖਿਆ ਕਿ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਇਕਜੁੱਟਤਾ ਨਾਲ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ। ਜੇਕਰ ਕੋਈ ਪਰਿਵਾਰਕ ਮੈਂਬਰ, ਦੋਸਤ ਜਾਂ ਰਿਸ਼ਤੇਦਾਰ ਨਸ਼ੇ ਦੀ ਦਲਦਲ ਵਿੱਚ ਫਸਿਆ ਹੈ, ਤਾਂ ਉਸ ਨੂੰ ਓ.ਓ.ਏ.ਟੀ. ਕਲੀਨਕਾਂ ਤੋਂ ਇਲਾਵਾ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਬਾਰੇ ਜਾਗਰੂਕ ਕੀਤਾ ਜਾਵੇ। ਇਥੇ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਵੀ ਨਸ਼ਿਆਂ ਵਿਰੁੱਧ ਵਿਸ਼ੇਸ਼ ਪਹਿਲਕਦਮੀ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਜ਼ਿਲ੍ਹੇ ਦੇ 27 ਪਿੰਡ ਨਸ਼ਾ ਮੁਕਤ ਐਲਾਨੇ ਜਾ ਚੁੱਕੇ ਹਨ।