ਹੁਸ਼ਿਆਰਪੁਰ: ਸ਼ਹਿਰ 'ਚ ਸਥਿਤ ਕੇਂਦਰੀ ਜੇਲ੍ਹ ਵਿੱਚੋਂ ਕੁੱਝ ਕੈਦੀਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ। ਇਸ ਵਿੱਚ ਕੈਦੀਆਂ ਨੇ ਜੇਲ੍ਹ ਅੰਦਰ ਆਪਣੇ ਨਾਲ ਹੋ ਰਹੇ ਮਾੜੇ ਵਿਵਹਾਰ ਬਾਰੇ ਦੱਸਿਆ ਹੈ। ਉਨ੍ਹਾਂ ਵੱਲੋਂ ਪੁਲਿਸ ਮੁਲਾਜ਼ਮਾਂ ਉੱਤੇ ਕਈ ਗੰਭੀਰ ਦੋਸ਼ ਵੀ ਲਗਾਏ ਗਏ ਹਨ।
ਵਾਇਰਲ ਵੀਡੀਓ ਦੇ ਮੁਤਾਬਕ ਕੁੱਝ ਕੈਦੀਆਂ ਨੇ ਦੱਸਿਆ ਕਿ ਜੇਲ੍ਹ ਅੰਦਰ ਪੁਲਿਸ ਮੁਲਾਜ਼ਮ ਉਨ੍ਹਾਂ ਨਾਲ ਮਾੜਾ ਵਿਵਹਾਰ ਕਰਦੇ ਹਨ। ਉਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਜਬਰਨ ਵੇਚਣ ਲਈ ਫੋਨ ਦਿੱਤੇ ਜਾਂਦੇ ਹਨ ਅਤੇ ਉਸ ਦੀ ਵੱਧ ਤੋਂ ਵੱਧ ਕੀਮਤ ਵਸੂਲਣ ਲਈ ਦਬਾਅ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਉਹ ਅਜਿਹਾ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਪੁਲਿਸ ਉਨ੍ਹਾਂ ਉੱਤੇ ਵੱਖ-ਵੱਖ ਤਰ੍ਹਾਂ ਦੇ ਮਾਮਲੇ ਦਰਜ ਕਰਨ ਦੀ ਧਮਕੀ ਦਿੰਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਕੋਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਇਸ ਵੀਡੀਓ ਵਿੱਚ ਹਵਾਲਾਤੀਆਂ ਨੇ ਸਾਫ਼ ਤੌਰ 'ਤੇ ਡੀਐਸਪੀ ਹਰਭਜਨ ਸਿੰਘ ਅਤੇ ਜੇਲ੍ਹ ਦੇ ਸਹਾਇਕ ਅਸਿਸਟੈਂਟ ਦੇਸਾ ਸਿੰਘ ਨੂੰ ਇਸ ਕੰਮ ਵਿੱਚ ਸ਼ਾਮਲ ਦੱਸਿਆ ਹੈ। ਕੈਦੀਆਂ ਵੱਲੋਂ ਜਲਦ ਤੋਂ ਜਲਦ ਉਕਤ ਪੁਲਿਸ ਮੁਲਾਜ਼ਮਾਂ ਉੱਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਸ ਵੀਡੀਓ ਵਿੱਚ ਕੈਦੀਆਂ ਵੱਲੋਂ ਪੁਲਿਸ ਉੱਤੇ ਨਸ਼ੀਲੇ ਪਦਾਰਥ, ਹੈਰੋਇਨ ਆਦਿ ਵੇਚੇ ਜਾਣ ਦੇ ਵੀ ਦੋਸ਼ ਲਗਾਏ ਗਏ ਹਨ। ਵੀਡੀਓ ਵਾਇਰਲ ਹੋਣ ਕਾਰਨ ਜੇਲ੍ਹ ਪ੍ਰਸ਼ਾਸਨ ਦੇ ਪ੍ਰਬੰਧਾਂ ਉੱਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।