ਹੁਸ਼ਿਆਰਪੁਰ: ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਪੂਰੇ ਦੇਸ਼ 'ਚੋ 1 ਹੀ ਸੀਟ ਹਾਸਲ ਕੀਤੀ ਹੈ, ਬਾਕੀ ਸੀਟਾਂ 'ਤੇ ਹਾਰ ਮਿਲਣ ਕਾਰਨ ਕੋਰ ਕਮੇਟੀ ਦੀ ਮੀਟਿੰਗ ਸ਼ਹਿਰ 'ਚ ਕੀਤੀ ਗਈ। 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇਸ ਬੈਠਕ ਵਿੱਚ ਹਿੱਸਾ ਲਿਆ। ਬੈਠਕ 'ਚ 6 ਤੋਂ ਵੱਧ ਵਿਧਾਇਕ ਪੁੱਜੇ। ਭਗਵੰਤ ਮਾਨ ਨੇ ਮੀਟਿੰਗ ਦੀ ਅਗਵਾਈ ਕਰਦੇ ਹੋਇਆਂ ਪਾਰਟੀ ਦੀ ਹਾਰ ਨੂੰ ਲੈ ਕੇ ਮੰਥਨ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਅਕਾਲੀ ਦਲ ਤੇ ਕਾਂਗਰਸ 'ਤੇ ਕਈ ਨਿਸ਼ਾਨੇ ਵਿੰਨ੍ਹੇ।
ਮਾਨ ਨੇ ਕਿਹਾ ਕਿ ਉਹ ਸੰਸਦ ਵਿਚ ਹੁਣ ਪ੍ਰੇਮ ਸਿੰਘ ਚੰਦੁਮਾਜਰਾ ਦੀ ਹਿੰਦੀ ਦੀ ਕਮੀ ਮਹਿਸੂਸ ਕਰਨਗੇ, ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਆਪਸ 'ਚ ਲੜੀ ਜਾ ਰਹੇ ਹਨ ਕੋਈ ਵੀ ਪ੍ਰਦੇਸ਼ ਦੇ ਮੁੱਦਿਆਂ 'ਤੇ ਨਹੀਂ ਲੜ ਰਿਹਾ। ਮਾਨ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ 2022 ਹੈ, ਜਿਸ ਲਈ ਉਨ੍ਹਾਂ ਨੇ ਭੂਮੀ ਪੂਜਣ ਕਰ ਲਿਆ ਹੈ 'ਤੇ ਹੁਣ ਪਾਰਟੀ ਨੂੰ ਮਜਬੂਤ ਕੀਤਾ ਜਾਵੇਗਾ।