ਹੁਸ਼ਿਆਰਪੁਰ: ਸੂਬੇ ਭਰ 'ਚ ਪੁਲਿਸ ਵੱਲੋਂ ਨਸ਼ੇ ਤੇ ਉੱਤੇ ਠੱਲ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਸਥਾਨਕ ਪੁਲਿਸ ਨੇ 5 ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤਾ ਹੈ। ਇਸ ਬਾਰੇ ਪ੍ਰੈੱਸ ਕਾਨਫਰੰਸ 'ਚ ਐੱਸਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ 5 ਮੁਲਜ਼ਮਾਂ ਨੂੰ ਪਿੰਡ ਰਕਬਾ ਨੇੜੇ ਨਾਕੇਬੰਦੀ ਦੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੰਜਾਂ ਮੁਲਜ਼ਮਾਂ ਦੀ ਪਛਾਣ ਵਰਿੰਦਰ ਕੁਮਾਰ ਉਰਫ਼ ਬੰਟੀ, ਗੁਰਪ੍ਰੀਤ ਸਿੰਘ ਉਰਫ਼ ਗੋਪੀ, ਹਰਵਿੰਦਰ, ਵਿਪਨ ਕੁਮਾਰ, ਗੌਰਵ ਚੱਢਾ ਵਜੋਂ ਹੋਈ ਹੈ। ਇਨ੍ਹਾਂ 'ਚੋਂ ਪੁਲਿਸ ਨੇ ਵਰਿੰਦਰ ਕੁਮਾਰ (135 ਗ੍ਰਾਮ ਨਸ਼ੀਲਾ ਪਦਾਰਥ) ਅਤੇ ਗੁਰਪ੍ਰੀਤ ਸਿੰਘ ਕੋਲੋਂ (125 ਗ੍ਰਾਮ ਨਸ਼ੀਲਾ ਪਦਾਰਥ) ਬਰਾਮਦ ਕੀਤਾ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮੁਲਜ਼ਮ ਨਸ਼ਾ ਤਸਕਰੀ ਦੇ ਨਾਲ-ਨਾਲ ਸ਼ਹਿਰ ਵਿੱਚ ਕਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਹਨ। ਇਹ 5 ਮੁਲਜ਼ਮ ਅਕਸਰ ਰਾਤ ਦੇ ਸਮੇਂ ਲੋਕਾਂ ਨਾਲ ਲੁੱਟ ਕਰਦੇ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ 'ਚੋਂ ਇੱਕ ਵਰਿੰਦਰ ਕੁਮਾਰ ਉੱਤੇ ਪਹਿਲਾਂ ਵੀ ਲੁੱਟ-ਖੋਹ ਦੇ ਚਾਰ ਮਾਮਲੇ ਦਰਜ ਹਨ।
ਉਨ੍ਹਾਂ ਦੱਸਿਆ ਕਿ ਵਰਿੰਦਰ ਹਾਲ ਹੀ 'ਚ 12 ਦਸੰਬਰ 2019 ਨੂੰ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਖੇ 2 ਸਾਲ ਦੀ ਸਜ਼ਾ ਕੱਟ ਕੇ ਬਾਹਰ ਆਇਆ ਸੀ। ਮੁਲਜ਼ਮਾਂ ਕੋਲੋਂ ਪੁਲਿਸ ਨੇ ਮੌਕੇ 'ਤੇ ਇੱਕ ਚੋਰੀ ਕੀਤਾ ਗਿਆ ਪਲੈਟੀਨਾ ਮੋਟਰਸਾਈਕਲ, 5 ਸੋਨੇ ਦੀਆਂ ਵਾਲੀਆਂ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।