ਗੁਰਦਾਸਪੁਰ: ਕਸਬਾ ਧਾਰੀਵਾਲ ਦੇ ਪਿੰਡ ਡਡਵਾਂ ‘ਚ ਕਰੀਬ ਦੋ ਮਹੀਨੇ ਪਹਿਲਾਂ ਮਸੀਹ ਭਾਈਚਾਰੇ ਨਾਲ ਸਬੰਧਤ ਇਕ ਨੌਜਵਾਨ ਰੋਕਾਂ ਮਸੀਹ ਦੇ ਕਤਲ ਮਾਮਲੇ ‘ਚ ਦੋਸ਼ੀ ਮੌਜੂਦਾ ਕਾਂਗਰਸੀ ਸਰਪੰਚ ਨੂੰ ਗ੍ਰਿਫ਼ਤਾਰ ਨਾਂ ਕਰਨ ਦੇ ਰੋਸ਼ ਵਜੋਂ ਪੀੜਤ ਪਰਿਵਾਰ ਅਤੇ ਮਸੀਹ ਭਾਈਚਾਰੇ ਵਲੋਂ ਆਗੂ ਲਾਰੰਸ ਚੋਧਰੀ ਦੀ ਅਗਵਾਈ ‘ਚ ਐਸ.ਐਸ.ਪੀ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਰਸਤੇ ‘ਚ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਆਗੂਆਂ ਦੀ ਪੁਲਿਸ ਨਾਲ ਬਹਿਸਬਾਜ਼ੀ ਵੀ ਹੋਈ ਅਤੇ ਉਹਨਾਂ ਨੇ ਰਸਤੇ ਵਿੱਚ ਹੀ ਰੋਸ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿਤਾ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ।
ਇਸ ਮੌਕੇ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦਾ ਕਹਿਣਾ ਕਿ ਕਰੀਬ ਦੋ ਮਹੀਨੇ ਪਹਿਲਾਂ ਪਿੰਡ ਡਡਵਾਂ ਦੇ ਮੌਜੂਦਾ ਸਰਪੰਚ ਦੀ ਸ਼ਹਿ ਤੇ ਨੌਜਵਾਨ ਰੋਕਾਂ ਮਸੀਹ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਅਤੇ ਉਸ ਮੌਕੇ ਧਾਰੀਵਾਲ ਦੇ ਐਸ.ਐਚ.ਓ ਨੇ ਦੋਸ਼ੀਆਂ ਦਾ ਪੂਰਾ ਸਾਥ ਦਿੱਤਾ ਹੈ। ਪਰਿਵਾਰ ਦਾ ਕਹਿਣਾ ਕਿ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਜਿਸ ਨੂੰ ਲੈਕੇ ਉਨ੍ਹਾਂ ਪ੍ਰਦਰਸ਼ਨ ਕੀਤਾ ਅਤੇ ਮੰਗ ਰੱਖੀ ਕਿ ਜਲਦ ਤੋਂ ਜਲਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਕੀਤੀ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ ਹੈਡਕੁਆਰਟਰ ਨਵਜੋਤ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਅਤੇ ਆਗੂਆਂ ਦੀ ਮੁਲਾਕਾਤ ਐਸ.ਐਸ.ਪੀ ਗੁਰਦਾਸਪੁਰ ਨਾਲ ਕਰਵਾ ਦਿੱਤੀ ਗਈ ਹੈ, ਉਹਨਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਦੋਸ਼ੀ ਸਰਪੰਚ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਵੇਗਾ।
ਇਹ ਵੀ ਪੜ੍ਹੋ:ਉਦਯੋਗ ਲਈ ਸ਼ਰਤਾਂ ਦੇ ਬੋਝ ਨੂੰ ਘਟਾਉਣ ਦੇ ਨਿਰਦੇਸ਼: ਵਿੰਨੀ ਮਹਾਜਨ