ਗੁਰਦਾਸਪੁਰ: ਸਥਾਨਕ ਪਿੰਡ ਭੱਟੀਆਂ ਦੇ ਇੱਕ ਨੌਜਵਾਨ ਦੀ ਵਿਦੇਸ਼ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਘਰਦਿਆਂ ਦੇ ਇੱਕਲੌਤੇ ਪੁੱਤਰ ਦੀ ਮੌਤ ਅੱਗ ਨਾਲ ਝੁੱਲਸਣ ਕਾਰਨ ਹੋਈ ਹੈ।
4 ਸਾਲ ਪਹਿਲਾਂ ਗਿਆ ਸੀ ਵਿਦੇਸ਼
ਮ੍ਰਿਤਕ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਮੁੰਡਾ 4 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਇਟਲੀ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਸਦੇ ਘਰ ਨੂੰ ਅੱਗ ਲੱਗ ਗਈ ਤੇ ਉਹ ਅੱਗ ਇੰਨੀ ਭਿਆਨਕ ਸੀ ਕਿ ਉਹ ਅੰਦਰ ਹੀ ਝੁੱਲਸ ਕੇ ਮਰ ਗਿਆ। ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਵਿਆਹਿਆ ਸੀ ਤੇ ਉਸ ਦਾ 8 ਸਾਲਾ ਇੱਕ ਬੱਚਾ ਵੀ ਹੈ।
ਪ੍ਰਸ਼ਾਸਨ ਨੂੰ ਕੀਤੀ ਮੰਗ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਹੈ ਕਿ ਉਹ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਤੇ ਉਨ੍ਹਾਂ ਦੇ ਮੁੰਡੇ ਦੀਆਂ ਬਚੀਆਂ ਨਿਸ਼ਾਨੀਆਂ ਉਨ੍ਹਾਂ ਦੇ ਹਵਾਲੇ ਕਰ ਦਿੱਤੀਆਂ ਜਾਣ ਤਾਂ ਜੋ ਉਹ ਆਪਣੇ ਮੁੰਡੇ ਦੀਆਂ ਅੰਤਿਮ ਰਸਮਾਂ ਅਦਾ ਕਰ ਸਕਣ।