ਫਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਪੂਰੇ ਦੇਸ਼ ਵਿੱਚ ਹਾਹਾਕਾਰ ਮੱਚੀ ਹੋਈ ਹੈ, ਉੱਥੇ ਹੀ ਇਸ ਦੇ ਨਾਲ ਉਦਯੋਗਿਕ ਇਕਾਈਆਂ ਨੂੰ ਵੱਡੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਸਾਰੀ ਲੇਬਰ ਆਪੋਂ ਆਪਣੇ ਸੂਬਿਆਂ ਨੂੰ ਵਾਪਿਸ ਪਰਤ ਗਈ ਹੈ।
ਪੰਜਾਬ ਦੇ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਵਿਦਿਅਕ ਅਦਾਰੇ ਬੰਦ ਪਏ ਹਨ। ਇਸ ਦੇ ਕਾਰਨ ਬੱਚੇ ਘਰਾਂ ਦੇ ਵਿੱਚ ਰਹਿ ਕੇ ਹੀ ਆਨਲਾਈਨ ਪੜ੍ਹਾਈ ਕਰਨ ਦੇ ਲਈ ਮਜਬੂਰ ਹਨ। ਇਸ ਮੌਕੇ ਜਦੋਂ ਪੜ੍ਹਾਈ ਦੇ ਸਬੰਧ ਵਿੱਚ ਈਟੀਵੀ ਭਾਰਤ ਨੇ ਅਧਿਆਪਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਵਾਰ ਪੜ੍ਹਾਈ ਦੇ ਵਿੱਚ ਬੱਚਿਆਂ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ, ਕਿਉਂਕਿ ਪਹਿਲਾਂ ਜੋ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਸਨ ਉਹ 1 ਜੂਨ ਤੋਂ 30 ਜੂਨ ਤੱਕ ਹੁੰਦੀਆਂ ਸਨ।

ਪਰ ਇਸ ਵਾਰ ਕੋਰੋਨਾ ਵਾਇਰਸ ਦੇ ਕਾਰਨ ਇਹ ਛੁੱਟੀਆਂ 10 ਅਪ੍ਰੈਲ ਤੋਂ 10 ਮਈ ਤੱਕ ਕੀਤੀਆਂ ਗਈਆਂ ਸਨ ਜੋ ਕਿ ਅਜੇ ਤੱਕ ਵੀ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਵੀਆਂ ਕਲਾਸਾਂ ਦਾ ਸੈਸ਼ਨ ਇੱਕ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ ਪਰ ਇਸ ਵਾਰ ਇਹ ਸੈਸ਼ਨ ਮਹਾਂਮਾਰੀ ਦੇ ਕਾਰਨ ਨਹੀਂ ਚੱਲ ਸਕਿਆ। ਸਕੂਲ ਨਾ ਖੁੱਲ੍ਹਣ ਦੇ ਕਾਰਨ ਬੱਚੇ ਆਨਲਾਈਨ ਪੜ੍ਹਾਈ ਤਾਂ ਕਰ ਰਹੇ ਹਨ ਪਰ ਜਿੰਨੀ ਦੇਰ ਅਧਿਆਪਕਾਂ ਦੇ ਨਾਲ ਉਨ੍ਹਾਂ ਦਾ ਸਿੱਧਾ ਰਾਬਤਾ ਨਹੀਂ ਹੁੰਦਾ, ਉਨ੍ਹਾਂ ਸਮਾਂ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ।

ਇਸ ਦੇ ਕਾਰਨ ਬੱਚੇ ਪੜ੍ਹਾਈ ਤੋਂ ਦੂਰ ਹੁੰਦੇ ਜਾ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਸਾਰੇ ਬੱਚੇ ਗਰੀਬ ਪਰਿਵਾਰਾਂ ਦੇ ਨਾਲ ਸਬੰਧਤ ਹਨ ਜਿਨ੍ਹਾਂ ਦੇ ਕੋਲ ਸਮਾਰਟਫੋਨ ਨਹੀਂ ਹਨ ਅਤੇ ਹੁਣ ਉਨ੍ਹਾਂ ਨੂੰ ਆਨਲਾਈਨ ਪੜ੍ਹਾਈ ਦੀ ਸੁਵਿਧਾ ਨਹੀਂ ਮਿਲ ਪਾ ਰਹੀ। ਇਸ ਦੇ ਕਾਰਨ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਜੇ ਗੱਲ ਸਕੂਲ ਖੁੱਲ੍ਹਣ ਦੀ ਕੀਤੀ ਜਾਵੇ ਤਾਂ ਸਰਕਾਰ ਦੇ ਵੱਲੋਂ ਸਕੂਲਾਂ ਨੂੰ ਅਖੀਰ ਦੇ ਵਿੱਚ ਖੋਲ੍ਹਣ ਦੀ ਗੱਲ ਕਹੀ ਜਾ ਰਹੀ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਸਕੂਲ ਅਜੇ ਹੋਰ ਲੰਬਾ ਸਮਾਂ ਬੰਦ ਰਹਿ ਸਕਦੇ ਹਨ ਜਿਸ ਦੇ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਸਿਧਾ ਅਸਰ ਪੈਣਾ ਲਾਜ਼ਮੀ ਹੈ।