ਸ੍ਰੀ ਫ਼ਤਿਹਗੜ੍ਹ ਸਾਹਿਬ : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਮਹਾਂਮਾਰੀ ਦੇ ਦੌਰਾਨ ਸਿਹਤ ਵਿਭਾਗ, ਪੁਲਿਸ ਮੁਲਾਜ਼ਮ, ਹੋਮਗਾਰਡ ਤੇ ਹੋਰਨਾਂ ਕਈ ਅਦਾਰਿਆਂ ਦੇ ਕਰਮਚਾਰੀ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਕੌਮਾਂਤਰੀ ਹਿਊਮਨ ਰਾਈਟਸ ਕੌਂਸਲ ਨੇ ਫ਼ਤਿਹਗੜ੍ਹ ਸਾਹਿਬ 'ਚ ਕੋਰੋਨਾ ਮਹਾਂਮਾਰੀ ਦੇ ਦੌਰਾਨ ਸੇਵਾਵਾਂ ਦੇ ਰਹੇ ਪੰਜਾਬ ਪੁਲਿਸ ਦੇ ਹੋਮਗਾਰਡਾਂ ਤੇ ਕਮਾਂਡਰਾਂ ਨੂੰ ਸਨਮਾਨਿਤ ਕੀਤਾ। ਕੌਮਾਂਤਰੀ ਹਿਊਮਨ ਰਾਈਟਸ ਕੌਂਸਲ ਦੇ ਸੂਬਾ ਪ੍ਰਧਾਨ ਅਭਿਸ਼ੇਕ ਭੱਟੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਹੋਮਗਾਰਡ ਜਵਾਨ ਵੱਖ-ਵੱਖ ਥਾਵਾਂ ਉੱਤੇ ਆਪਣੀ ਡਿਊਟੀ ਨਿਭਾ ਰਹੇ ਹਨ ਤੇ ਇਹ ਸ਼ਲਾਘਾਯੋਗ ਕਦਮ ਹੈ। ਇਸ ਸਮੇਂ ਇਹ ਜਵਾਨ ਕੋਰੋਨਾ ਵਾਰੀਅਰਸ ਬਣ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਇਸ ਲਈ ਇਨ੍ਹਾਂ ਕੋਰੋਨਾ ਵਾਰੀਅਰਜ਼ ਦੀ ਹੌਂਸਲਾ ਅਫਜਾਈ ਕਰਨੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਪ੍ਰਸ਼ਾਸਨ ਤੇ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ।
ਇਸ ਦੌਰਾਨ ਪੰਜਾਬ ਹੋਮਗਾਰਡ ਦੀ ਜ਼ਿਲ੍ਹਾ ਕਮਾਂਡਰ ਮੈਡਮ ਅਮਿਤ ਪਾਲ ਭੱਟੀ ਨੇ ਕਿਹਾ ਕਿ ਸਾਰੇ ਹੋਮਗਾਰਡ ਜਵਾਨ ਕੋਰੋਨਾ ਮਹਾਂਮਾਰੀ ਦੌਰਾਨ ਪੂਰੀ ਤਨਦੇਹੀ ਆਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਨੇ ਕੌਮਾਂਤਰੀ ਹਿਊਮਨ ਰਾਈਟਸ ਕੌਂਸਲ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਘਰਾਂ 'ਚ ਰਹਿ ਕੇ ਕੋਰੋਨਾ ਵਾਇਰਸ ਦੀ ਜੰਗ ਜਿੱਤਣ ਵਿੱਚ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ।