ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹੇ ਵਿੱਚ ਵੱਡੀ ਤਾਦਾਦ ਵਿੱਚ ਪਰਵਾਸੀ ਮਜ਼ਦੂਰ ਰਹਿੰਦੇ ਹਨ ਪਰ ਇਹ ਮਜ਼ਦੂਰ ਹੁਣ ਆਪੋ ਆਪਣੇ ਸੂਬਿਆਂ ਨੂੰ ਪਰਤ ਰਹੇ ਹਨ। ਦੂਜੇ ਪਾਸੇ ਸਰਕਾਰ ਨੇ ਲੌਕਡਾਊਨ ਦੇ ਵਿੱਚ ਢਿੱਲ ਦਿੰਦਿਆਂ ਉਸਾਰੀ ਦੇ ਕੰਮਾਂ ਨੂੰ ਮਨਜੂਰੀ ਦੇ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਲੇਬਰ ਦੀ ਘਾਟ ਹੋਣ ਦੇ ਕਾਰਨ ਵਿਕਾਸ ਕਾਰਜ ਨੇਪਰੇ ਨਹੀਂ ਚੜ੍ਹ ਸਕਦੇ, ਕਿਉਂਕਿ ਵਿਕਾਸ ਕਾਰਜਾਂ ਵਿੱਚ ਜ਼ਿਆਦਾਤਰ ਮਜ਼ਦੂਰੀ ਕਰਨ ਵਾਲੇ ਪ੍ਰਵਾਸੀ ਹਨ ਜੋ ਕਿ ਹੁਣ ਆਪਣੇ ਘਰਾਂ ਨੂੰ ਵਾਪਿਸ ਜਾ ਰਹੇ ਹਨ।
ਪ੍ਰਵਾਸੀ ਮਜ਼ਦੂਰਾਂ ਦੇ ਘਰੇ ਜਾਣ ਦੇ ਨਾਲ ਵੱਡੀ ਮੁਸ਼ਕਲ ਖੜ੍ਹੀ ਹੋ ਰਹੀ ਹੈ। ਪ੍ਰਵਾਸੀ ਮਜ਼ਦੂਰਾਂ ਦੇ ਘਰਾਂ ਨੂੰ ਜਾਣ ਦੇ ਨਾਲ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਨਾ ਇੱਕ ਚਿੰਤਾ ਦਾ ਵਿਸ਼ਾ ਹੈ। ਜੇਕਰ ਸ਼ਹਿਰਾਂ ਦੇ ਵਿਕਾਸ ਕਾਰਜਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰਾਂ ਦੇ ਵਿਕਾਸ ਕਾਰਜ ਵੀ ਧੀਮੀ ਗਤੀ ਦੇ ਨਾਲ ਸ਼ੁਰੂ ਹੋ ਗਏ ਹਨ ਜਦੋਂ ਇਸ ਮੌਕੇ ਮਜ਼ਦੂਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਲੇਬਰ ਦਾ ਕੰਮ ਕਰਦੇ ਹਨ। ਲੌਕਡਾਊਨ ਦੇ ਮੱਦੇਨਜ਼ਰ ਘੱਟ ਗਿਣਤੀ ਦੇ ਵਿੱਚ ਹੀ ਕੰਮ ਕਰ ਰਹੇ ਹਨ ਕਿਉਂਕਿ ਪਹਿਲਾਂ ਜਿੱਥੇ 10 ਤੋਂ 15 ਮਜ਼ਦੂਰ ਕੰਮ ਕਰਦੇ ਸਨ ਹੁਣ 4 ਮਜ਼ਦੂਰ ਹੀ ਕੰਮ ਕਰਨ ਦੇ ਲਈ ਰਹਿ ਗਏ ਹਨ।
ਵਿਕਾਸ ਕੰਮਾਂ ਦਾ ਠੇਕਾ ਲੈਣ ਵਾਲੇ ਠੇਕੇਦਾਰ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਲੌਕਡਾਊਨ ਦੇ ਵਿੱਚ ਜੋ ਮਟੀਰੀਅਲ ਉਨ੍ਹਾਂ ਨੂੰ ਵਿਕਾਸ ਕਾਰਜਾਂ ਦੇ ਲਈ ਚਾਹੀਦਾ ਸੀ ਉਸ ਦੇ ਭਾਅ ਦੁੱਗਣੇ ਹੋ ਗਏ ਹਨ। ਇਸ ਦੇ ਕਾਰਨ ਉਨ੍ਹਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪਹਿਲਾਂ ਲੋੜ ਦੇ ਅਨੁਸਾਰ ਮਜ਼ਦੂਰ ਕੰਮ ਕਰਦੇ ਸਨ ਪਰ ਹੁਣ ਚਾਰ ਮਜ਼ਦੂਰਾਂ ਦੇ ਨਾਲ ਹੀ ਉਨ੍ਹਾਂ ਨੂੰ ਕੰਮ ਚਲਾਉਣਾ ਪੈ ਰਿਹਾ ਹੈ।