ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੱਲ ਚੰਡੀਗੜ੍ਹ ਕਾਂਗਰਸ ਭਵਨ ਵਿਖੇ ਆਪਣਾ ਅਹੁਦਾ ਸਾਂਭਣ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ, ਜਿਸ ਤਰੀਕੇ ਨਾਲ ਉਨ੍ਹਾਂ ਨੂੰ ਪੰਜਾਬ ਕਾਂਗਰਸ ਲੀਡਰਾਂ ਦਾ ਸਮਰਥਨ ਮਿਲਿਆ ਅਤੇ ਟਵੀਟ ਦੇ ਜ਼ਰੀਏ ਉਨ੍ਹਾਂ ਨੇ ਕਿਹਾ ਕਿ ਉਹ ਹਾਈ ਕਮਾਂਡ ਵੱਲੋਂ ਪੰਜਾਬ ਵਾਸਤੇ ਦਿੱਤੇ 18 ਨੁਕਤਿਆਂ ਤੇ ਕੰਮ ਕਰਨਗੇ। ਸਿਆਸੀ ਹੱਲਚਲ ਇਸ ਗੱਲੋਂ ਵੀ ਤੇਜ਼ ਹੈ ਕਿ ਪੰਜਾਬ ਕਾਂਗਰਸ ਦੇ ਅਗਲੇ ਸੀਐਮ ਨਵਜੋਤ ਸਿੰਘ ਸਿੱਧੂ ਹੋ ਸਕਦੇ ਹਨ।
ਕਿਉਂ ਉੱਠੇ ਇਹ ਸਵਾਲ
ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਬਣਨ ਤੋਂ ਬਾਅਦ ਆਪਣੇ ਟਵੀਟ ਦੇ ਜ਼ਰੀਏ ਇਹ ਕਿਹਾ ਕਿ ਉਹ ਹਾਈਕਮਾਂਡ ਵਲੋਂ ਦਿੱਤੇ 18 ਨੁਕਤਿਆਂ ਤੇ ਕੰਮ ਕਰਨਗੇ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੂਬੇ ਵਿੱਚ ਕਾਂਗਰਸ ਪਾਰਟੀ ਜਿਹੜੇ ਮੁੱਦੇ ਨੂੰ ਲੈ ਕੇ ਸੱਤਾ ਵਿਚ ਆਈ ਸੀ ਉਸ ਉੱਤੇ ਸਾਢੇ ਚਾਰ ਸਾਲ ਵਿੱਚ ਕੰਮ ਨਹੀਂ ਕੀਤੇ ਗਏ ਹਨ। ਜਿਵੇਂ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ,ਡਰੱਗ ਮਾਫੀਆ,ਰੇਤ ਮਾਫੀਆ,ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਨੂੰ ਰੱਦ ਕਰਨਾ ਵਰਗੇ ਸ਼ਾਮਲ ਸਨ।
ਵੱਡਾ ਸਵਾਲ ਇਹ ਹੈ ਕਿ ਇਸ ਉੱਪਰ ਕੰਮ ਸਰਕਾਰ ਵੱਲੋਂ ਕੀਤਾ ਜਾਣਾ ਹੈ ਅਤੇ ਫਿਲਹਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਤੋਂ ਨਾਰਾਜ਼ ਚੱਲ ਰਹੇ ਹਨ, ਇਸ ਕਰਕੇ ਅੰਦਾਜ਼ਾ ਹੀ ਲਾਇਆ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਜ਼ਿਆਦਾ ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਨਾਲ ਚੱਲ ਰਹੇ ਹਨ ਅਤੇ ਕੈਪਟਨ ਅਮਰਿੰਦਰ ਵੱਲੋਂ ਕੀਤੇ ਵਿਧਾਨ ਸਭਾ ਵਿੱਚ ਵਾਅਦੇ ਜੋ ਪੂਰੇ ਨਾ ਹੋ ਸਕੇ ਜਨਤਾ ਨੂੰ ਆਪਣੇ ਨਾਲ ਜੋੜਨ ਵਾਸਤੇ ਮੁੱਖ ਮੰਤਰੀ ਦਾ ਚਿਹਰਾ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਂਡ ਬਣਾਵੇ।
ਪ੍ਰਸ਼ਾਤ ਕਿਸ਼ੋਰ ਦੀ ਸਲਾਹ
ਇਹ ਚਰਚਾ ਇਸ ਕਰਕੇ ਵੀ ਚੱਲ ਰਹੀ ਏ ਕਿਉਂਕਿ ਜਾਣਕਾਰ ਮੰਨਦੇ ਹਨ ਕਿ ਪ੍ਰਸ਼ਾਂਤ ਕਿਸ਼ੋਰ ਵੱਲੋਂ ਇਹ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਇਸ ਤਰੀਕੇ ਦਾ ਚਿਹਰਾ ਸੀਐਮ ਦਾ ਚਾਹੀਦਾ ਹੈ ਜਿਸ ਦੇ ਨਾਮ ਤੇ ਵੋਟ ਮੰਗੀ ਜਾ ਸਕੇ ਅਤੇ ਉਹ ਚਿਹਰਾ ਫਿਲਹਾਲ ਨਵਜੋਤ ਸਿੰਘ ਸਿੱਧੂ ਹੀ ਦਿਖ ਰਿਹਾ ਹੈ ,ਕਿਉਂਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਭੱਖਦੇ ਮੁੱਦਿਆਂ ਨੂੰ ਲੈ ਕੇ ਆਪਣੀ ਸਰਕਾਰ ਉਪਰ ਹਮਲੇ ਬੋਲਦੇ ਰਹੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਤੇ ਪਹਿਲਾਂ ਕਾਂਗਰਸ ਵੋਟ ਮੰਗ ਚੁੱਕੀ ਹੈ। ਸੂਬੇ ਦੀ ਜਨਤਾ ਨਾਲ ਜਿਹੜੇ ਵਾਅਦੇ ਕੈਪਟਨ ਵੱਲੋਂ ਕੀਤੇ ਸਨ ਉਹ ਪੂਰੇ ਨਹੀਂ ਹੋ ਸਕੇ ਇਸ ਕਰ ਕੇ ਕੈਪਟਨ ਦੇ ਨਾਮ ਤੇ ਦੁਬਾਰਾ ਵੋਟ ਮੰਗਣੀ ਮੁਸ਼ਕਿਲ ਜਾਪ ਰਹੀ ਹੈ।
ਸਟਾਰ ਪ੍ਰਚਾਰਕ ਦਾ ਫਾਇਦਾ
ਨਵਜੋਤ ਸਿੰਘ ਸਿੱਧੂ ਇੱਕ ਸਟਾਰ ਪ੍ਰਚਾਰਕ ਵੀ ਹਨ ਅਤੇ ਕਾਂਗਰਸ ਉਨ੍ਹਾਂ ਦਾ ਫਾਇਦਾ ਆਉਣ ਵਾਲੇ ਯੂ ਪੀ ਇਲੈਕਸ਼ਨ ਵਿੱਚ ਵੀ ਚੁੱਕਣਾ ਚਾਹੁੰਦੀ ਹੈ ਅਤੇ ਇਹ ਉਦੋਂ ਹੀ ਸੰਭਵ ਹੋ ਪਾਵੇਗਾ ਜਦੋਂ ਨਵਜੋਤ ਸਿੰਘ ਸਿੱਧੂ ਪੰਜਾਬ ਵਿੱਚ ਪਾਵਰਫੁੱਲ ਹੋਣਗੇ।
ਵਿਧਾਇਕਾ ਦਾ ਹਾਈਕਮਾਂਡ ਨੂੰ ਫੀਡਬੈਕ
ਇਸ ਤੋਂ ਇਲਾਵਾ ਪਿਛਲੇ ਸਾਢੇ ਚਾਰ ਸਾਲ ਵਿੱਚ ਅਕਸਰ ਇਹ ਗੱਲ ਉੱਠਦੀ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਧਾਇਕਾਂ ਤੱਕ ਨੂੰ ਨਹੀਂ ਮਿਲਦੇ ਰਹੇ ਅਤੇ ਜੋ ਫੀਡਬੈਕ ਤਮਾਮ ਵਿਧਾਇਕਾਂ ਵੱਲੋਂ ਹਾਈਕਮਾਂਡ ਨੂੰ ਵੀ ਦਿੱਤੀ ਗਈ ਹੈ ਅਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਤਮਾਮ ਵਿਧਾਇਕਾਂ ਅਤੇ ਕਾਂਗਰਸੀਆਂ ਨੂੰ ਨਾਲ ਲੈ ਕੇ ਚਲਦੀ ਦਿਖਾਈ ਦੇ ਰਹੇ ਹਨ।
ਫਿਲਹਾਲ ਕਈ ਸਾਰੇ ਕਾਰਨ ਦਿਖ ਰਹੇ ਹਨ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਕਾਂਗਰਸ ਦਾ ਅਗਲਾ ਮੁੱਖ ਮੰਤਰੀ ਦਾ ਚਿਹਰਾ ਨਵਜੋਤ ਸਿੰਘ ਸਿੱਧੂ ਹੋ ਸਕਦੇ ਹਨ। ਉਥੇ ਹੀ ਇਸ ਮੁੱਦੇ ਤੇ ਵਿਰੋਧੀ ਪਾਰਟੀਆਂ ਦੇ ਆਪਣੇ ਵਿਚਾਰ ਹਨ।
ਲੋਕ ਹੋ ਰਹੇ ਹਨ ਪ੍ਰੇਸ਼ਾਨ
ਪੰਜਾਬ ਭਾਜਪਾ ਦੇ ਲੀਡਰ ਰਾਜੇਸ਼ ਬਾਘਾ ਨੇ ਕਿਹਾ ਕਿ ਕਾਂਗਰਸ ਦੀ ਲੜਾਈ ਕਰਕੇ ਪੰਜਾਬ ਦੇ ਲੋਕ ਪ੍ਰੇਸ਼ਾਨ ਹਨ। ਕਾਂਗਰਸ ਵੱਲੋਂ ਲੋਕਾਂ ਨੂੰ ਗੁੰਮਰਾਹ ਕਰ ਕੇ ਸਰਕਾਰ ਬਣਾਈ ਗਈ ਸੀ ਅਤੇ ਹੁਣ ਵੀ ਗੁੰਮਰਾਹ ਕੀਤਾ ਜਾ ਰਿਹਾ ਹੈ। ਸੀਐਮ ਕੋਈ ਵੀ ਹੋਵੇ ਪਰ ਇਨ੍ਹਾਂ ਦੀ ਲੜਾਈ ਵਿੱਚ ਲੋਕ ਪਰੇਸ਼ਾਨ ਨਹੀਂ ਹੋਣੇ ਚਾਹੀਦੇ ਉਨ੍ਹਾਂ ਦੇ ਕੰਮ ਹੋਣੇ ਚਾਹੀਦੇ ਹਨ।
ਸੂਬੇ ਦੀ ਜਨਤਾ ਨਾਲ ਧੋਖਾ
ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਸਭ ਕੁਝ ਕਾਂਗਰਸ ਵੱਲੋਂ ਲੋਕਾਂ ਨੂੰ ਧੋਖਾ ਦੇਣ ਵਾਸਤੇ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਗਈ ਤੇ ਧੋਖਾ ਦਿੱਤਾ ਗਿਆ ਅਤੇ ਹੁਣ ਚਿਹਰਾ ਬਦਲ ਕੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਾਅਦੇ ਪੁਰੇ ਕਰਨ ਵਿੱਚ ਰਹੀ ਨਾਕਾਮ ਕਾਂਗਰਸ
ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ ਸਰਕਾਰ ਨੇ ਜੋ ਵਾਅਦੇ ਪੂਰੇ ਨਹੀਂ ਕੀਤੇ ਉਸ ਦੇ ਚਲਦਿਆਂ ਸਰਕਾਰ ਨੂੰ ਇੱਕ ਚਿਹਰਾ ਚਾਹੀਦਾ ਸੀ ਅੱਗੇ ਜਿਸ ਨੂੰ ਲੋਕਾਂ ਸਾਹਮਣੇ ਕਾਂਗਰਸ ਲੈ ਕੇ ਜਾ ਸਕੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਨੇ ਪ੍ਰਧਾਨ ਬਣਾਇਆ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜੇ ਲੋਕਾਂ ਸਾਹਮਣੇ ਲੈ ਕੇ ਜਾਂਦੇ ਤਾਂ ਲੋਕਾਂ ਨੇ ਜਵਾਬ ਮੰਗਣਾ ਸੀ ਅਤੇ ਹੁਣ ਜੇ ਇਹ ਕਿਹਾ ਜਾਵੇ ਕਿ ਕਾਂਗਰਸ ਦਾ ਸੀਐਮ ਦਾ ਅਗਲਾ ਚਿਹਰਾ ਨਵਜੋਤ ਸਿੱਧੂ ਹੋਣਗੇ ਤਾਂ ਗਲਤ ਨਹੀਂ ਹੋਵੇਗਾ।
ਪੰਜਾਬ ਕਾਂਗਰਸ ਦਾ ਪ੍ਰਧਾਨ ਹੀ ਬਣਦਾ ਹੈ ਸੀਐਮ
ਇਸ ਮੁੱਦੇ ਉੱਤੇ ਖ਼ੁਦ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਨਿਰਮਲ ਸਿੱਧੂ ਮੰਨਦੇ ਹਨ ਕਿ ਪੰਜਾਬ ਕਾਂਗਰਸ ਵਿੱਚ ਜਿਹੜੇ ਵੀ ਪ੍ਰਧਾਨ ਰਹੇ ਹਨ ਉਹ ਸੀਐਮ ਦੇ ਦਾਅਵੇਦਾਰ ਹੋਏ ਹਨ। ਉਨ੍ਹਾਂ ਕਿਹਾ ਪਰ ਆਖ਼ਰੀ ਫ਼ੈਸਲਾ ਹਾਈਕਮਾਂਡ ਵੱਲੋਂ ਹੀ ਕੀਤਾ ਜਾਣਾ ਹੈ।
ਇਹ ਵੀ ਪੜ੍ਹੋਂ : ਕੈਪਟਨ ਸਿੱਧੂ ਪੰਜਾਬ ਦੇ ਲੋਕਾਂ ਤੋਂ ਮੰਗਣ ਮੁਆਫ਼ੀ : ਹਰਪਾਲ ਚੀਮਾ