ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲਈ 300 ਯੂਨਿਟ ਬਿਜਲੀ ਦੇ ਮੁਫ਼ਤ ਕਰਨ ਸਣੇ 24 ਘੰਟੇ ਬਿਜਲੀ ਦੀ ਸਪਲਾਈ ਅਤੇ ਪੁਰਾਣੇ ਬਿੱਲ ਮੁਆਫ ਕਰਨ ਦੀ ਗਾਰੰਟੀ ਤਾਂ ਦਿੱਤੀ ਗਈ ਪਰ ਅਰਵਿੰਦ ਕੇਜਰੀਵਾਲ ਨਸ਼ੇ ਦੇ ਮੁੱਦੇ ਨੂੰ ਲੈ ਕੇ ਕੁਝ ਨਹੀਂ ਬੋਲੇ।
2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਨਸ਼ੇ ਦਾ ਮੁੱਦਾ ਜ਼ੋਰਾਂ ਸ਼ੋਰਾਂ ਨਾਲ ਚੁੱਕਿਆ ਸੀ ਤੇ ਬਿਕਰਮ ਮਜੀਠੀਆ 'ਤੇ ਵੱਡੇ ਇਲਜ਼ਾਮ ਲਗਾਉਂਦਿਆਂ ਕਿਹਾ ਸੀ ਕਿ ਪੰਜਾਬ ਨੂੰ ਨਸ਼ੇ ਦੀ ਦਲਦਲ ਵਿਚ ਸਿਰਫ ਬਿਕਰਮ ਮਜੀਠੀਆ ਨੇ ਧਕੇਲਿਆ ਹੈ। ਪਰ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਦਾ ਕਹਿਣਾ ਹੈ ਕਿ ਨਸ਼ੇ ਦਾ ਮੁੱਦਾ ਜਿਉਂ ਦਾ ਤਿਉਂ ਹੈ।
ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਿਰਫ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਬਿਕਰਮ ਸਿੰਘ ਮਜੀਠੀਆ ਨੂੰ ਬਦਨਾਮ ਕਰਨ ਲਈ ਹੀ ਕੇਜਰੀਵਾਲ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਸਨ ਪਰ ਸ਼ਰਮਿੰਦਗੀ ਮੰਨਦਿਆਂ ਗੁਪਤ ਤਰੀਕੇ ਨਾਲ ਮਾਫ਼ੀ ਵੀ ਮੰਗ ਲਈ ਗਈ ਪਰ ਪੰਜਾਬ ਦੇ ਲੋਕਾਂ ਤੋਂ ਹੁਣ ਤਕ ਕੇਜਰੀਵਾਲ ਨੇ ਮਾਫ਼ੀ ਨਹੀਂ ਮੰਗੀ।
ਸਿਮਰਜੀਤ ਬੈਂਸ ਨੇ ਕਿਹਾ ਕਿ ਜੇ ਹਿਮਾਚਲ ਨੂੰ ਬਣਦੇ ਪਾਣੀ ਦੀ ਕੀਮਤ ਦਿੱਲੀ ਸਰਕਾਰ ਦੇ ਸਕਦੀ ਹੈ ਤਾਂ ਪੰਜਾਬ ਦੇ ਪਾਣੀ ਦੀ ਕੀਮਤ ਦਾ ਪੈਸਾ ਕਿਉਂ ਨਹੀਂ ਦੇ ਰਹੀ। ਕੇਜਰੀਵਾਲ ਸਰਕਾਰ ਇਸ ਦਾ ਜਵਾਬ ਵੀ ਪੰਜਾਬ ਦੀ ਜਨਤਾ ਨੂੰ ਪਹਿਲਾਂ ਦੇਣ।
ਜੇ ਗੱਲ ਕਾਂਗਰਸ ਦੀ ਕਰੀਏ ਤਾਂ ਕਾਂਗਰਸ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੇਜਰੀਵਾਲ ਨੇ ਜਿਵੇਂ ਬਿਕਰਮ ਮਜੀਠੀਆ ਕੋਲੋ ਨਸ਼ਿਆਂ ਦੇ ਮੁੱਦੇ 'ਤੇ ਮਾਫ਼ੀ ਮੰਗੀ ਉਸੇ ਤਰ੍ਹਾਂ ਹੁਣ ਪ੍ਰਾਈਵੇਟ ਬਿਜਲੀ ਕੰਪਨੀਆਂ ਦੇ ਪੈਰੀਂ ਹੱਥ ਲਾ ਕੇ ਮਾਫ਼ੀ ਮੰਗੇਗਾ ਤੇ ਕੇਜਰੀਵਾਲ ਸਿਰਫ ਝੂਠ ਬੋਲਣ ਵਾਲਾ ਲੀਡਰ ਹੈ।