ਚੰਡੀਗੜ੍ਹ: ਕਾਂਗਰਸ ਵੱਲੋਂ ਪੰਜਾਬ ਕਾਂਗਰਸ (Punjab Congress) ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਲਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ (Aam Aadmi Party) ਲਈ ਮਸਲਾ ਥੋੜ੍ਹਾ ਔਖਾ ਹੋ ਗਿਆ। ਨਵਜੋਤ ਸਿੰਘ ਸਿੱਧੂ ਭਾਜਪਾ ਵਿਚ 2004 ਤੋਂ 2016 ਅਤੇ ਕਾਂਗਰਸ ਵਿਚ 2017 ਤੋਂ ਹੁਣ ਤੱਕ ਆਪਣੀ ਹੀ ਪਾਰਟੀ ਦੇ ਖ਼ਿਲਾਫ਼ ਬੋਲਦੇ ਆਏ ਹਨ।
ਬਾਦਲ ਪਰਿਵਾਰ ਅਤੇ ਕੈਪਟਨ ਜਿਨ੍ਹਾਂ ਨੂੰ ਇੱਕ ਮਜ਼ਬੂਤ ਲੀਡਰ ਮੰਨਿਆ ਜਾਂਦਾ ਹੈ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਸ਼ੁਰੂਆਤ ਕ੍ਰਿਕਟ ਤੋਂ ਹੋਈ ਅਤੇ ਉਸ ਤੋਂ ਬਾਅਦ ਮੈਚ ਦੀ ਕੁਮੈਂਟਰੀ ਤੋਂ ਲੈ ਕੇ ਕਾਮੇਡੀ ਸ਼ੋਅ ਵਿੱਚ ਟੀ ਵੀ ਪਰਸਨੈਲਿਟੀ ਦੇ ਰੂਪ ਵਿਚ ਦਿਖਦੇ ਰਹੇ ਹਨ।
ਸਿਆਸੀ ਹਲਕਿਆਂ ‘ਚ ਚਰਚਾ
ਹੁਣ ਜਾਣਕਾਰੀ ਮਿਲ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਕਲਾਕਾਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਤਾਂ ਜੋ ਇੱਕ ਧੜੇ ਦੀਆਂ ਵੋਟਾਂ ਨੂੰ ਹਾਸਲ ਕੀਤਾ ਜਾ ਸਕੇ। ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਉਸੇ ਤਰਜ਼ ‘ਤੇ ਹੁਣ ਨਵਜੋਤ ਸਿੰਘ ਸਿੱਧੂ ਵੀ ਕਾਂਗਰਸ ਵਿੱਚ ਕਲਾਕਾਰਾਂ ਨੂੰ ਸ਼ਾਮਲ ਕਰ ਸਕਦੇ ਹਨ।
ਚੰਦੂਮਾਜਰਾ ਦਾ ਸਿੱਧੂ ‘ਤੇ ਨਿਸ਼ਾਨਾ
ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਬੁਲਾਰੇ ਅਤੇ ਸੀਨੀਅਰ ਲੀਡਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਹਨ ਉਦੋਂ ਤੋਂ ਸ਼ਾਮਿਲ ਹੋਣ ਦਾ ਨਹੀਂ ਬਲਕਿ ਕਾਂਗਰਸ ਦੇ ਲੋਕ ਟੁੱਟ ਕੇ ਦੂਜੀ ਪਾਰਟੀ ਵਿੱਚ ਸ਼ਾਮਿਲ ਜ਼ਰੂਰ ਹੋ ਰਹੇ ਹਨ। ਚੰਦੂਮਾਜਰਾ ਨੇ ਸਿੱਧੂ ‘ਤੇ ਤੰਜ਼ ਕਸਦਿਆਂ ਕਿਹਾ ਕਿ ਸਿੱਧੂ ਖੁਦ ਹੀ ਬੜੇ ਵੱਡੇ ਕਲਾਕਾਰ ਹਨ ।
ਕਿਸ ਨੂੰ ਸ਼ਾਮਿਲ ਕਰਨਾ ਜਾਂ ਨਾ ਕਰਨਾ ਪਾਰਟੀਆਂ ਦਾ ਅਧਿਕਾਰ-ਆਪ
ਓਧਰ ਆਮ ਆਦਮੀ ਪਾਰਟੀ ਦੇ ਬੁਲਾਰੇ ਵਨੀਤ ਵਰਮਾ ਨੇ ਕਿਹਾ ਕਿ ਹਾਲਾਂਕਿ ਇਹ ਪਾਰਟੀਆਂ ਦਾ ਅਧਿਕਾਰ ਹੈ ਕਿ ਕਿਸ ਨੂੰ ਸ਼ਾਮਿਲ ਕਰਾਉਣਾ ਜਾਂ ਕਿਸ ਨੂੰ ਨਹੀਂ ਪਰ ਕਲਾਕਾਰਾਂ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਕਾਂਗਰਸ ਨੇ ਕਿਵੇਂ 2017 ਦੀਆਂ ਚੋਣਾਂ ਵਿੱਚ ਲੋਕਾਂ ਨੂੰ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਝੂਠ ਬੋਲਿਆ ਅਤੇ ਧੋਖਾ ਦਿੱਤਾ ਹੈ।
ਨਹੀਂ ਕਰਨੇ ਚਾਹੀਦੇ ਕਲਾਕਾਰ ਸ਼ਾਮਿਲ-ਕਾਂਗਰਸ
ਉੱਥੇ ਹੀ ਕਾਂਗਰਸ ਬੁਲਾਰੇ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਕਲਾਕਾਰਾਂ ਨੂੰ ਪਾਰਟੀਆਂ ਵਿੱਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਜਿੱਥੇ ਕਲਾਕਾਰਾਂ ਨੂੰ ਸ਼ਾਮਲ ਕੀਤਾ ਜਾਂਦਾ ਉਥੋਂ ਦੇ ਵਰਕਰ ਅਤੇ ਲੀਡਰਾਂ ਨਾਲ ਧੱਕਾ ਹੁੰਦਾ ਹੈ।
ਇਹ ਵੀ ਪੜ੍ਹੋ:ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਦੇ ਅਹੁਦੇ ਤੋਂ ਪ੍ਰਸ਼ਾਂਤ ਕਿਸ਼ੋਰ ਦਾ ਅਸਤੀਫ਼ਾ