ਚੰਡੀਗੜ੍ਹ: ਪੰਜਾਬ ’ਚ ਬੇਸ਼ੱਕ ਅਜੇ ਮਾਨਸੂਨ ਆਉਣ ’ਚ ਦੇਰੀ ਹੋ ਰਹੀ ਹੈ, ਪਰ ਸੂਬੇ ਅੰਦਰ ਬਿਜਲੀ ਸੰਕਟ ਗਰਮਾਇਆ ਹੋਇਆ ਹੈ ਤੇ ਇਸਨੂੰ ਲੈ ਕੇ ਸਿਆਸਤ ਵੀ ਆਪਣੇ ਜੋਬਨ ’ਤੇ ਹੈ। ਸ਼ੁੱਕਰਵਾਰ ਨੂੰ ਜਿਥੇ ਅਕਾਲੀ-ਬਸਪਾ ਗੱਠਜੋੜ ਨੇ ਸੂਬੇ ਭਰ ’ਚ ਪ੍ਰਦਰਸ਼ਨ ਕੀਤਾ ਉਥੇ ਹੀ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਨੇ ਸੀਸਵਾਂ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦਾ ਘਿਰਾਓ ਕੀਤਾ। ਇਸ ਦੌਰਾਨ ਆਪ ਆਗੂਆਂ ਤੇ ਪੁਲਿਸ ਵਿਚਾਲੇ ਜੰਮਕੇ ਝੜਪ ਹੋਈ। ਤੇ ਪੁਲਿਸ ਨੇ ਆਪ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ।
ਇਹ ਵੀ ਪੜੋ: ਫਾਜ਼ਿਲਕਾ ‘ਚ ਦਵਿੰਦਰ ਘੁਬਾਇਆ ਦਾ ਜਬਰਦਸਤ ਵਿਰੋਧ, ਮਾਹੌਲ ਤਣਾਅਪੂਰਨ
ਆਪ ਆਗੂਆਂ ’ਤੇ ਪੁਲਿਸ ਵਿਚਾਲੇ ਝੜਪ
ਬਿਜਲੀ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਸਰਕਾਰ ਖਿਲਾਫ ਹੱਲਾ ਬੋਲਿਆ ਗਿਆ। ਹਜ਼ਾਰਾ ਹੀ ਵਰਕਰਾਂ ਨੇ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਹਾਊਸ ਵੱਲ ਜਿਵੇਂ ਹੀ ਕੂਚ ਕੀਤਾ ਤਾਂ ਪੁਲਿਸ ਨੇ ਉਨਾਂ ਨੂੰ ਰਾਹ ’ਚ ਰੋਕ ਲਿਆ। ਇਸ ਦੌਰਾਨ ਪੁਲਿਸ ਤੇ ਆਪ ਵਰਕਰਾਂ ਵਿਚਾਲੇ ਜੰਮਕੇ ਝੜਪ ਹੋਈ। ਪੁਲਿਸ ਵੱਲੋਂ ਲਾਠੀਚਾਰਚ ਦੇ ਨਾਲ-ਨਾਲ ਵਾਟਰ ਕੈਨਨ ਦਾ ਇਸਤੇਮਾਲ ਵੀ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਨੇ ਤੋੜੇ ਬੈਰੀਕੇਡ
ਇਸ ਦੌਰਾਨ ਜਦੋਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਆਪ ਵਰਕਰਾਂ ਨੇ ਬੈਰੀਕੇਡ ਤੋੜ ਦਿੱਤੇ। ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆ ਜਿਸ ਕਾਰਨ ਕਈ ਆਪ ਵਰਕਰ ਜ਼ਖਮੀ ਵੀ ਹੋ ਗਏ।
ਹਿਰਾਸਤ ’ਚ ਆਪ ਆਗੂ
ਉਥੇ ਹੀ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਸਮੇਤ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਸ ਤੋਂ ਮਗਰੋਂ ਉਹਨਾਂ ਨੂੰ ਮਾਜਰੀ ਥਾਣੇ ਲਿਆਂਦਾ ਗਿਆ ਹੈ ਜਦਕਿ ਹਰਪਾਲ ਸਿੰਘ ਚੀਮਾ ਨੂੰ ਹਿਰਾਸਤ ਵਿੱਚ ਲੈ ਕੇ ਕੁਰਾਲੀ ਸਦਰ ਥਾਣੇ ਲਿਆਂਦਾ ਗਿਆ।
ਭਗਵੰਤ ਮਾਨ ਦਾ ਤੰਜ
ਉਥੇ ਹੀ ਪੁਲਿਸ ਦੀ ਕਾਰਵਾਈ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਤਾਨਾਸ਼ਾਹੀ ਦੱਸਦਿਆਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋਈ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਪਰੇਸ਼ਾਨ ਹੋ ਰਹੇ ਹਨ ਤੇ ਕੈਪਟਨ ਅਮਰਿੰਦਰ ਸਿੰਘ ਖੁਦ ਏਸੀ ਵਿੱਚ ਬੈਠ ਨਜ਼ਾਰੇ ਲੈ ਰਹੇ ਹਨ ਜਿਸ ਕਾਰਨ ਪੰਜਾਬ ਦੀ ਜਨਤਾ ਅੱਜ ਉਹਨਾਂ ਤੋਂ ਸਵਾਲ ਪੁੱਛਣ ਆਈ ਹੈ ਤੇ ਉਹਨਾਂ ਨਾਲ ਧੱਕਾ ਹੋ ਰਿਹਾ ਹੈ।
ਭਗਵੰਤ ਮਾਨ ਨੇ ਇਲਜ਼ਾਮ ਲਾਇਆ ਕਿ ਪੰਜਾਬ ਵਿਰੋਧੀ ਸ਼ਕਤੀ ਸਮਝੌਤਾ ਅਤੇ ਮਾਫੀਆ ਰਾਜ ਅਕਾਲੀ ਦਲ ਅਤੇ ਬੀਜੇਪੀ ਸਰਕਾਰ ਵਿੱਚ ਲਾਗੂ ਕੀਤਾ ਗਿਆ ਹੈ, ਉਹ ਵੀ ਕਪਤਾਨ ਦੇ ਸ਼ਾਸਨ ਅਧੀਨ ਚੱਲ ਰਹੇ ਹਨ। ਬਿਜਲੀ ਮੰਤਰੀ ਹੋਣ ਕਰਕੇ ਮੁੱਖ ਮੰਤਰੀ ਨੂੰ ਮੌਜੂਦਾ ਬਿਜਲੀ ਸੰਕਟ ਲਈ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਭਗਵੰਤ ਮਾਨ ਨੇ ਬਿਜਲੀ ਸੰਕਟ ਬਾਰੇ ਸੁਖਬੀਰ ਬਾਦਲ ਦੀ ਕਾਰਗੁਜ਼ਾਰੀ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਸਰਕਾਰ ਨੇ ਨਿਜੀ ਬਿਜਲੀ ਕੰਪਨੀਆਂ ਨਾਲ ਗਲਤ ਸਮਝੌਤੇ ਕੀਤੇ ਸਨ। ਉਨ੍ਹਾਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਿਹਾ ਕਿ ਉਹ ਦੱਸਣ ਕਿ ਅਕਾਲੀ ਸਰਕਾਰ ਦੌਰਾਨ ਕਿੰਨੇ ਸੌਲਰ ਪਾਵਰ ਪਲਾਂਟ ਲਗਾਏ ਗਏ ਸਨ ਅਤੇ ਕਿਸ ਦੇ ਨਾਮ ’ਤੇ ਸਨ।
ਉਥੇ ਹੀ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਤੋਂ ਜਦੋਂ ਕੋਰੋਨਾ ਨਿਯਮਾਂ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸਭ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ ਸੀ।
ਇਹ ਵੀ ਪੜੋ: ਵੇਖੋ : ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਦੀਆਂ ਵੱਖ-ਵੱਖ ਤਸਵੀਰਾਂ