ਚੰਡੀਗੜ੍ਹ: ਪੰਜਾਬ ਨਗਰ ਨਿਗਮ ਚੋਣਾਂ ਦੇ ਵਿਚਾਲੇ ਕੁੱਝ ਜਗ੍ਹਾ 'ਤੇ ਸ਼ਾਂਤਮਈ ਢੰਗ ਨਾਲ ਵੋਟਾਂ ਪਾਈਆਂ ਗਈਆਂ ਪਰ ਕਈ ਥਾਵਾਂ ਤੋਂ ਰੰਜਿਸ਼ ਅਤੇ ਪਾਰਟੀ ਬਾਜ਼ੀ ਦੇ ਚੱਲਦਿਆਂ ਝੜਪਾਂ ਦੀਆਂ ਖਬਰਾਂ ਆ ਰਹੀਆਂ ਹਨ। ਤਰਨਤਾਰਨ ਦੇ ਪੱਟੀ 'ਚ ਮਾਮਲਾ ਇਨ੍ਹਾ ਗੰਭੀਰ ਹੋ ਗਿਆ ਕਿ ਗੋਲੀ ਵੀ ਚੱਲੀ ਹੈ।
ਪੱਟੀ 'ਚ ਚੱਲੀ ਗੋਲੀ
ਪੱਟੀ ਦੇ ਵਾਰਡ ਨੰਬਰ 7 'ਚ ਕਾਂਗਰਸੀ ਅਤੇ ਆਪ ਵਰਕਰ ਹੱਥੋ ਪਾਈ ਗਏ ਜਿਸ ਦੌਰਾਨ ਕਈਆਂ ਦੀਆਂ ਪੱਗਾਂ ਵੀ ਉੱਤਰੀਆਂ ਅਤੇ ਗੋਲੀ ਵੀ ਚੱਲੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦੇ ਗੋਲੀ ਵੀ ਲੱਗ ਗਈ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।
ਮਸ਼ੀਨਾਂ ਖਰਾਬ ਹੋਣ ਦਾ ਸਿਲਸਿਲਾ
ਪੰਜਾਬ 'ਚ ਸ਼ਾਂਮਤਈ ਵੋਟਾਂ ਦੇ ਚੱਲਦਿਆਂ ਈਵੀਐਮ ਮਸ਼ੀਨਾਂ ਖਰਾਬ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਮਸ਼ੀਨਾਂ ਦੇ ਖਰਾਬ ਹੋਣ ਨਾਲ ਆਪ ਦੇ ਆਗੂਆਂ ਨੇ ਸੂਬਾ ਸਰਕਾਰ 'ਤੇ ਇਲਜ਼ਾਮ ਲਗਾਇਆ ਤੇ ਉਹ ਬੂਥ ਦੇ ਬਾਹਰ ਧਰਨਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵੋਟਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੂਹਾ ਬੰਦ ਕਰ ਅੰਦਰ ਵੋਟਾਂ ਪਾਈਆਂ ਜਾ ਰਹੀਆਂ ਹਨ।
ਵਿਰਸਾ ਸਿੰਘ ਵਲਟੋਹਾ ਦੇ ਬੇਟੇ ਸਮੇਤ 10 ਵਿਅਕਤੀਆਂ 'ਤੇ ਮਾਮਲਾ ਦਰਜ
ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਅਤੇ ਉਨ੍ਹਾਂ ਦੇ ਬੇਟੇ ਗੌਰਵ ਵਲਟੋਹਾ ਸਮੇਤ 10 ਵਿਅਕਤੀਆਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਹੈ। ਇਨ੍ਹਾਂ ਖਿਲਾਫ ਧਾਰਾ 144 ਅਤੇ 188 ਤਹਿਤ ਥਾਣਾ ਭਿੱਖੀਵਿੰਡ 'ਚ ਐਫ.ਆਈ.ਆਰ. ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਹੈ। ਵਲਟੋਹਾ ਮੁਤਾਬਕ ਉਹ ਵਿਆਹ 'ਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਆਏ ਸਨ ਅਤੇ ਉਨ੍ਹਾਂ ਦੀ ਗੈਰਹਾਜ਼ਰੀ 'ਚ ਮਾਮਲਾ ਦਰਜ ਕੀਤਾ ਗਿਆ।
ਪਟਿਆਲਾ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼
ਚੋਣਾਂ ਵਿਚਾਲੇ ਰਾਜਪੁਰਾ ਵਿਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸਦੀ ਪੜਤਾਲ ਕੀਤੀ ਜਾ ਰਹੀ ਹੈ। ਪਰ ਦੂਸਰੇ ਪਾਸੇ ਐਸ.ਐਸ.ਪੀ ਵਿਕਰਮਜੀਤ ਸਿੰਘ ਦੁੱਗਲ ਨੇ ਦਾਅਵਾ ਕੀਤਾ ਕਿ ਪਟਿਆਲਾ ਜ਼ਿਲ੍ਹਾ ਦੇ ਸਮਾਣਾ, ਰਾਜਪੁਰਾ, ਨਾਭਾ, ਪਾਤਰਾ ਵਿਚ ਨਗਰ ਨਿਗਮ ਚੋਣਾਂ ਦੌਰਾਨ ਪੁਲਿਸ ਨੇ ਹਾਲੇ ਤੱਕ ਕੀਤੇ ਵੀ ਕੋਈ ਸ਼ਰਾਰਤ ਨਹੀਂ ਹੋਣ ਦਿੱਤੀ।
ਗੁਰਦਾਸਪੁਰ 'ਚ ਹੋਈ ਝੜਪ
ਨਗਰ ਨਿਗਮ ਬਟਾਲਾ 34 ਦੇ ਬੂਥ ਨੰਬਰ 76-77 ਦੇ ਬਾਹਰ ਬਟਾਲਾ ਤੋਂ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੇ ਸਮਰਥਕਾਂ ਅਤੇ ਆਜ਼ਾਦ ਉਮੀਦਵਾਰ ਹਰਿੰਦਰ ਸਿੰਘ ਕਲਸੀ ਵਿਚਕਾਰ ਝੜੱਪ ਹੋ ਗਈ। ਦੂਜੇ ਪਾਸੇ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦੇ ਸ਼ਹਿਰ ਦੀਨਾਨਗਰ ਵਿੱਚ ਅਕਾਲੀ ਦਲ ਦੇ ਸਰਕਲ ਪ੍ਰਧਾਨ ਵਿਜੈ ਵੱਲੋਂ ਬੂਥ ਵਿੱਚ ਪੋਲਿੰਗ ਏਜੰਟ ਨਾ ਬਣਾਉਣ ਕਾਰਨ ਅਕਾਲੀ ਅਤੇ ਕਾਂਗਰਸੀ ਸਮਰਥਕਾਂ ਵਿਚਕਾਰ ਤਕਰਾਰ ਬਾਜ਼ੀ ਹੋਈ।