ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ 19 ਸਾਲਾ ਕੁੜੀ ਨਾਲ ਹੋਏ ਸਮੂਹਿਕ ਜਬਰ ਜਨਾਹ ਅਤੇ ਉਸ ਦੀ ਮੌਤ ਤੋਂ ਬਾਅਦ ਸਿਆਸੀ ਪਾਰਟੀਆਂ ਪੀੜਤ ਪਰਿਵਾਰ ਨੂੰ ਮਿਲਣ ਪਹੁੰਚ ਰਹੀਆਂ ਹਨ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਪੰਜਾਬ ਅਤੇ ਦਿੱਲੀ ਦੇ ਨੁਮਾਇੰਦੇ ਪੀੜਤ ਪਰਿਵਾਰ ਦੇ ਘਰ ਵਾਲਿਆਂ ਨਾਲ ਦੁੱਖ ਸਾਂਝਾ ਕਰਨ ਲਈ ਗਏ।
ਇਸ ਬਾਰੇ ਵਧੇਰੀ ਜਾਣਕਾਰੀ ਦਿੰਦੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਹਾਲਤ ਕਾਫ਼ੀ ਦਯਾ ਵਾਲੀ ਸੀ ਉਸ ਦੀ ਮਾਂ ਆਪਣੀ ਝੋਲੀ ਅੱਡ ਕੇ ਇਨਸਾਫ਼ ਦੀ ਮੰਗ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੇ ਉਨ੍ਹਾਂ ਨਾਲ ਆਪਣੀ ਸਾਰੀ ਹੱਡ-ਬੀਤੀ ਦੱਸੀ ਕੀ ਕਿਵੇਂ ਪੁਲਿਸ ਨੇ ਉਨ੍ਹਾਂ ਨੂੰ ਘਰ ਵਿੱਚ ਡੱਕ ਕੇ ਅੱਧੀ ਰਾਤ ਨੂੰ ਉਨ੍ਹਾਂ ਦੇ ਬੱਚੀ ਦਾ ਸਸਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਯੂਪੀ ਸਰਕਾਰ ਅਤੇ ਯੂ.ਪੀ ਦੀ ਪੁਲਿਸ ਦਾ ਚਿਹਰਾ ਸਾਰੀ ਜਨਤਾ ਸਾਹਮਣੇ ਨੰਗਾ ਹੋ ਗਿਆ ਹੈ ਅਤੇ ਸਭ ਨੂੰ ਪਤਾ ਲੱਗ ਗਿਆ ਹੈ ਕੀ ਯੂ.ਪੀ ਸਰਕਾਰ ਦੋਸ਼ੀਆਂ ਨੂੰ ਬਚਾਉਣ ਦੀ ਵਿੱਚ ਹੈ।
ਉਨ੍ਹਾਂ ਕਿਹਾ ਕਿ 19 ਸਾਲਾ ਦੀ ਕੁੜੀ ਨਾਲ ਜਬਰ ਜਨਾਹ ਹੋਣ ਤੋਂ ਬਾਅਦ ਯੂਪੀ ਵਿੱਚ ਇੱਕ ਹੋਰ ਜਬਰ ਜਨਾਹ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਵਿੱਚ ਛੇ ਸਾਲ ਦੀ ਬੱਚੀ ਨਾਲ ਜਬਰ ਜਨਾਹ ਹੋਣ ਮਗਰੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯੂਪੀ ਦੇ ਵਿੱਚ ਹੁਣ ਰਾਮਰਾਜ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਆਪ ਪਾਰਟੀ ਦੇ ਸਾਂਸਦ ਸੰਜੇ ਸਿੰਘ ਉੱਤੇ ਭਾਜਪਾ ਨੇਤਾ ਵੱਲੋਂ ਸਿਆਹੀ ਸੁੱਟੀ ਗਈ ਅਤੇ ਉਹ ਵੀ ਪੁਲਿਸ ਦੀ ਭੀੜ ਚੋਂ ਹੀ ਸਾਹਮਣੇ ਆਇਆ ਸੀ ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਪੁਲਿਸ ਵੀ ਪੂਰੀ ਤਰੀਕੇ ਨਾਲ ਯੋਗੀ ਸਰਕਾਰ ਦੇ ਦਬਾਅ ਵਿੱਚ ਹੈ ਅਤੇ ਉਨ੍ਹਾਂ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ।