ਸੋਨੀਪਤ: ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੋਨੀਪਤ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇਅ 'ਤੇ ਖਰਖੋਦਾ ਟੋਲ ਪਲਾਜ਼ਾ 'ਤੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਟਰੱਕ ਡਰਾਈਵਰ ਦੀ ਪਛਾਣ ਕਾਸਿਮ ਵਾਸੀ ਨੂਹ ਵਜੋਂ ਹੋਈ ਹੈ। ਪੁਲਿਸ ਸ਼ੁੱਕਰਵਾਰ ਨੂੰ ਕਾਸਿਮ ਨੂੰ ਅਦਾਲਤ 'ਚ ਪੇਸ਼ ਕਰੇਗੀ।
ਜਿਕਰਯੋਗ ਹੈ ਕਿ ਦੀਪ ਸਿੱਧੂ ਦੀ ਮੌਤ ਨੂੰ ਲੈਕੇ ਵੱਡੇ ਖਦਸ਼ੇ ਖੜ੍ਹੇ ਹੋ ਰਹੇ ਹਨ ਅਤੇ ਦੀਪ ਸਿੱਧੂ ਦੀ ਮੌਤ ਨੂੰ ਸਾਜ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਸ ਲਈ ਪ੍ਰਸ਼ਾਸਨ ਉੱਤੇ ਜਾਂਚ ਲਈ ਦਬਾਅ ਬਣ ਰਿਹਾ ਹੈ। ਫਿਲਹਾਲ ਇਸ ਮਾਮਲੇ ਵਿੱਚ ਡਰਾਈਵਰ ਦੀ ਗ੍ਰਿਫਤਾਰੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਦੱਸ ਦਈਏ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ 15 ਫਰਵਰੀ ਨੂੰ ਕੇਐਮਪੀ ਖਰਖੌਦਾ ਟੋਲ 'ਤੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਸੋਨੀਪਤ ਦੇ ਐੱਸਪੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ 'ਚ ਹਾਦਸੇ ਵਾਲੇ ਸੀਨ ਨੂੰ ਦੁਬਾਰਾ ਤਿਆਰ ਕਰੇਗੀ। ਜਿਸ ਟਰੱਕ ਨਾਲ ਦੀਪ ਸਿੱਧੂ ਦੀ ਗੱਡੀ ਦੀ ਟੱਕਰ ਹੋਈ ਸੀ ਉਸ ਦੇ ਮਾਲਕ ਅਤੇ ਅਣਪਛਾਤੇ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੀਪ ਸਿੱਧੂ ਦੀ ਕਾਰ 'ਚੋਂ ਸ਼ਰਾਬ ਦੀ ਬੋਤਲ ਵੀ ਮਿਲੀ ਹੈ, ਜੋ ਕਿ ਖਾਲੀ ਹੈ। ਦੀਪ ਸਿੱਧੂ ਦੇ ਖੂਨ ਦੇ ਸੈਂਪਲ ਲਏ ਗਏ ਹਨ, ਜਿਸ ਤੋਂ ਪਤਾ ਲੱਗੇਗਾ ਕਿ ਉਸ ਨੇ ਸ਼ਰਾਬ ਪੀਤੀ ਸੀ ਜਾਂ ਨਹੀਂ। ਵਿਸੇਰਾ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਬਾਰੇ ਕੁਝ ਕਿਹਾ ਜਾ ਸਕਦਾ ਹੈ।
ਦੀਪ ਸਿੱਧੂ ਦੀ ਮਹਿਲਾ ਮਿੱਤਰ ਤੋਂ ਪੁੱਛਗਿੱਛ
ਐਸਪੀ ਨੇ ਦੱਸਿਆ ਕਿ ਦੀਪ ਸਿੱਧੂ ਦੀ ਸਾਥੀ ਰੀਨਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਰੀਨਾ 13 ਫਰਵਰੀ ਨੂੰ ਅਮਰੀਕਾ ਤੋਂ ਆਈ ਹੈ। ਉਸ ਕੋਲ ਅਮਰੀਕਾ ਦੀ ਨਾਗਰਿਕਤਾ ਹੈ। ਸ਼ੁਰੂਆਤੀ ਜਾਂਚ 'ਚ ਉਸ ਨੇ ਇਸ ਨੂੰ ਹਾਦਸਾ ਵੀ ਦੱਸਿਆ ਹੈ। ਇਹ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਜਾਪਦਾ ਹੈ। ਪੁਲਿਸ ਅਧਿਕਾਰੀ ਦਾ ਕਹਿਣੈ ਕਿ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੀਪ ਸਿੱਧੂ ਆਪਣੀ ਮਹਿਲਾ ਦੋਸਤ ਰੀਨਾ ਰਾਏ ਨਾਲ ਦਿੱਲੀ ਤੋਂ ਪੰਜਾਬ ਜਾ ਰਿਹਾ ਸੀ। ਅਚਾਨਕ ਉਸ ਦੀ ਸਕਾਰਪੀਓ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਸਕਾਰਪੀਓ ਦਾ ਅਗਲਾ ਹਿੱਸਾ ਟਰੱਕ ਦੇ ਅੰਦਰ ਜਾ ਵੜਿਆ ਜਿਸ ਕਾਰਨ ਦੀਪ ਸਿੱਧੂ ਦੀ ਦਰਦਨਾਕ ਮੌਤ ਹੋ ਗਈ।
ਇਹ ਵੀ ਪੜ੍ਹੋ: ਅਦਾਕਾਰ ਦੀਪ ਸਿੱਧੂ ਦਾ ਨਮ ਅੱਖਾਂ ਨਾਲ ਅੰਤਿਮ ਸਸਕਾਰ