ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਸ਼ੁਰੂ ਹੋਇਆ ਘਮਾਸਾਣ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪੰਜਾਬ ਦੇ ਮੰਤਰੀਆਂ ਅਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿੱਚਕਾਰ ਸ਼ੁਰੂ ਹੋਈ ਖਹਿਬਾਜ਼ੀ ਨੇ ਨਵਾਂ ਰੂਪ ਲੈ ਲਿਆ ਹੈ। ਬੀਤੀ ਸ਼ਾਮ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਘਟਨਾਕ੍ਰਮ ਵੇਖਣ ਨੂੰ ਮਿਲਿਆ ਹੈ। ਅਫਸਰਾਂ ਨਾਲ ਖਹਿਬਾਜ਼ੀ ਦੇ ਸੂਤਰਧਾਰ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੇ ਹੀ ਸਾਥੀ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਾਰੇ ਵਿਵਾਦ ਨੂੰ ਲੈ ਕੇ ਭੋਆ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ ਹੈ। ਆਪਣੀ ਗੱਲਬਾਤ ਵਿੱਚ ਉਨ੍ਹਾਂ ਕਿਹਾ ਬਾਜਵਾ ਨੇ ਚੰਨੀ ਨੂੰ ਉਨ੍ਹਾਂ ਦੇ ਕੋਈ ਪੁਰਾਣੇ ਕੇਸ ਖੁਲਵਾਉਣ ਦੀ ਧਮਕੀ ਦਿੱਤੀ ਹੈ।
ਇਸ ਘਟਨਾ ਤੋਂ ਬਾਅਦ ਮੰਤਰੀ ਬਨਾਮ ਅਫਸਰ ਦੀ ਲੜ੍ਹਾਈ ਨੇ ਮੰਤਰੀ ਬਨਾਮ ਮੰਤਰੀ ਦਾ ਰੂਪ ਧਾਰ ਲਿਆ ਹੈ। ਭੋਆ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੇ ਬਾਜਵਾ ਵੱਲੋਂ ਚੰਨੀ ਨੂੰ ਧਮਕੀ ਦਿੱਤੇ ਜਾਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਦਲਿਤ ਵਿਧਾਇਕ ਚੰਨੀ ਦੀ ਪਿੱਠ 'ਤੇ ਖੜ੍ਹੇ ਹਨ। ਜੋਗਿੰਦਰ ਪਾਲ ਨੇ ਕਿਹਾ ਕਿ ਬਾਜਵਾ ਨੇ ਚੰਨੀ ਨੂੰ ਉਨ੍ਹਾਂ ਦੇ ਪੁਰਾਣੇ ਕੇਸ ਖੁਲਵਾਉਣ ਦੀ ਧਮਕੀ ਦਿੱਤੀ ਹੈ।
ਜੋਗਿੰਦਰ ਪਾਲ ਨੇ ਕਿਹਾ ਕਿ ਬਾਜਵਾ ਇੱਕ ਸੀਨੀਅਰ ਆਗੂ ਹਨ ਅਤੇ ਉਨ੍ਹਾਂ ਨੂੰ ਆਪਣੇ ਹਮ-ਅਹੁਦਾ ਮੰਤਰੀ ਨਾਲ ਇਸ ਤਰ੍ਹਾਂ ਕਰਨਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਇਸ ਮੌਕੇ ਸਰਕਾਰ ਦੇ ਅੰਦਰ ਅਫ਼ਸਰਸ਼ਾਹੀ ਭਾਰੂ ਹੈ ਅਤੇ ਕਾਂਗਰਸੀ ਵਿਧਾਇਕਾਂ ਤੱਕ ਗੱਲ ਨਹੀਂ ਸੁਣੀ ਜਾ ਰਹੀ।
ਖੈਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਇਸ ਸਾਰੀ ਕਹਾਣੀ ਦੇ ਵਿੱਚ ਅਸਲ ਸੱਚਾਈ ਕੀ ਹੈ ? ਪਰ ਜੇਕਰ ਵਿਧਾਇਕ ਜੋਗਿੰਦਰ ਪਾਲ ਦੀ ਗੱਲ ਮੰਨ ਲਈ ਜਾਵੇ ਤਾਂ ਫ਼ਿਰ ਇਹ ਗੱਲ ਚਰਚਾ ਦਾ ਵਿਸ਼ਾ ਬਣ ਰਹੀ ਹੈ ਕਿ ਤ੍ਰਿਪਤ ਰਜਿੰਦਰ ਬਾਜਵਾ ਨੇ ਚੰਨੀ ਨੂੰ ਇਹ ਧਮਕੀ ਕਿਸ ਦੇ ਕਹਿਣ 'ਤੇ ਦਿੱਤੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਵਿੱਚ ਸ਼ੁਰੂ ਹੋਈ ਇਹ ਜੰਗ ਵਿੱਚ ਪੰਜਾਬ ਦੀ ਅਫਸਰਸ਼ਾਹੀ ਜਿੱਤ ਦੀ ਹੈ ਜਾਂ ਮੰਤਰੀ ਆਪਣਾ ਵਕਾਰ ਬਚਾਉਣ 'ਚ ਕਾਮਯਾਬ ਹੁੰਦੇ ਹਨ।