ਬਟਾਲਾ: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੇ ਹਲਕੇ ਦੇ ਸਾਰੇ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਇੱਕ ਵਿਸ਼ੇਸ਼ ਪਹਿਲਕਦਮੀ ਦੀ ਸ਼ੁਰਆਤ ਕੀਤੀ ਹੈ। ਮੰਤਰੀ ਬਾਜਵਾ ਨੇ ਆਪਣੀ ਜੇਬ 'ਚੋਂ ਹਰ ਪੰਚਾਇਤ ਨੂੰ 5000 ਰੁਪਏ ਭੇਜ ਕੇ ਪਿੰਡ ਦੇ ਮੋਹਤਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਿੰਡ ਵਿੱਚ ਲੋੜਵੰਦਾਂ ਨੂੰ ਰਾਸ਼ਨ ਅਤੇ ਦਵਾਈਆਂ ਪਹੁੰਚਾਉਣ ਦਾ ਕਾਰਜ ਸ਼ੁਰੂ ਕਰਨ।
'ਰਾਸ਼ੀ ਦੀ ਰਕਮ ਛੋਟੀ, ਕੋਸ਼ਿਸ਼ ਲੋਕਾਂ ਨੂੰ ਸਿਰਫ਼ ਜਾਗ ਲਾਉਣ ਦੀ'
ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਹਰ ਪਿੰਡ ਵਾਸੀਆਂ ਦੇ ਨਾਂਅ ਭੇਜੀ ਇੱਕ ਚਿੱਠੀ ਵਿੱਚ ਕਿਹਾ ਕਿ ਉਨ੍ਹਾਂ ਨੂੰ ਇਹ ਅਹਿਸਾਸ ਹੈ ਕਿ ਹਰ ਪਿੰਡ ਦੇ ਰਾਹਤ ਫੰਡ ਵਿੱਚ ਉਨ੍ਹਾਂ ਵਲੋਂ ਪਾਇਆ ਜਾ ਰਿਹਾ 5000 ਰੁਪਏ ਦਾ ਇਹ ਹਿੱਸਾ ਬਿਲਕੁਲ ਹੀ ਤੁੱਛ ਜਿਹਾ ਹੈ, ਪਰ ਇਸ ਪਿੱਛੇ ਭਾਵਨਾ ਲੋਕਾਂ ਨੂੰ ਇਸ ਪੁੰਨ ਦੇ ਕਾਰਜ ਲਈ ਹੌਂਸਲਾ ਅਤੇ ਪ੍ਰੇਰਨਾ ਦੇਣ ਦੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰੀ ਲੋਕਾਂ ਅੰਦਰਲੀ ਸੁੱਤੀ ਪਈ ਭਾਵਨਾ ਨੂੰ ਜਗਾਉਣ ਲਈ ਸਿਰਫ਼ ਜਾਗ ਲਾਉਣ ਦੀ ਲੋੜ ਹੁੰਦੀ ਹੈ ਅਤੇ ਜਦੋਂ ਲੋਕ ਉੱਠ ਖੜਦੇ ਹਨ, ਤਾਂ ਵੱਡੀ ਤੋਂ ਵੱਡੀ ਆਫ਼ਤ ਉੱਤੇ ਕਾਬੂ ਪਾ ਲੈਂਦੇ ਹਨ। ਕੋਸ਼ਿਸ਼ ਸਿਰਫ਼ ਜਾਗ ਲਾਉਣ ਦੀ ਹੈ, ਕਿਉਂਕਿ ਇਹ ਪਹਾੜ ਜਿੱਡਾ ਕਾਰਜ ਸਿਰਫ਼ ਲੋਕ ਸ਼ਕਤੀ ਨਾਲ ਹੀ ਸਰ ਹੋਣਾ ਹੈ।
'ਬਾਜਵਾ ਦੀ ਮੁੰਹਿਮ ਤੋਂ ਪ੍ਰੇਰਿਤ ਹੋਏ ਦਰਜਨਾਂ ਪਿੰਡ ਵਾਸੀ ਮਦਦ ਲਈ ਆਏ ਅੱਗੇ'
ਪੰਚਾਇਤ ਮੰਤਰੀ ਵਲੋਂ ਹਲਕੇ ਵਿੱਚ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਰਾ ਮਿਲ ਰਿਹਾ ਹੈ। ਉਨ੍ਹਾਂ ਵਲੋਂ ਭੇਜੇ ਗਏ ਪੰਜ ਹਜ਼ਾਰ ਰੁਪਏ ਅਤੇ ਲਿਖਤੀ ਸੁਨੇਹੇ ਤੋਂ ਪ੍ਰੇਰਤ ਹੋ ਕੇ ਪਿੰਡ ਖੋਖਰ ਫੌਜੀਆਂ ਵਿੱਚ ਲੋਕਾਂ ਨੇ 75000, ਰੂਪੋਵਾਲੀ ਵਿੱਚ 35000 ਤੇ ਭੋਲੇ ਕੇ ਵਿਖੇ 22000 ਅਤੇ ਇਸੇ ਤਰਾਂ ਹੀ ਦਰਜਨਾਂ ਪਿੰਡਾਂ ਵਿੱਚ ਹਜ਼ਾਰਾਂ ਰੁਪਏ ਮੌਕੇ ਉੱਤੇ ਹੀ ਇੱਕਠੇ ਕਰ ਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ।
ਪੰਚਾਇਤ ਮੰਤਰੀ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਜੇ ਹਿੰਮਤ ਕਰੀਏ ਤਾਂ ਪੁੰਨ ਦੇ ਇਸ ਕਾਰਜ ਵਿੱਚ ਕੋਈ ਕਮੀ ਨਹੀਂ ਰਹਿਣੀ, ਲੋੜ ਸਿਰਫ਼ ਅੱਗੇ ਲੱਗ ਕੇ ਤੁਰਨ ਦੀ ਹੈ। ਇਹ ਕਾਰਜ ਪਿੰਡਾਂ ਦੀਆਂ ਪੰਚਾਇਤਾਂ, ਯੁਵਕ ਭਲਾਈ ਕਲੱਬਾਂ, ਗੁਰਦੁਆਰਾ ਅਤੇ ਮੰਦਰ ਕਮੇਟੀਆਂ, ਮਹਿਲਾ ਮੰਡਲ ਅਤੇ ਸਮਾਜ ਸੇਵੀ ਸੰਸਥਾਵਾਂ ਬਾਖ਼ੂਬੀ ਨਿਭਾਅ ਸਕਦੀਆਂ ਹਨ। ਇਹ ਕਾਰਜ ਸਾਂਝੀਆਂ ਰਾਹਤ ਕਮੇਟੀਆਂ ਬਣਾ ਕੇ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਹਲਕਾ ਫ਼ਤਿਹਗੜ੍ਹ ਚੂੜੀਆਂ ਵਿੱਚ 190 ਪੰਚਾਇਤਾਂ ਹਨ, ਜਿਨ੍ਹਾਂ ਵਿੱਚ ਰਾਹਤ ਕਾਰਜ ਸ਼ੁਰੂ ਕਰਨ ਲਈ ਤ੍ਰਿਪਤ ਰਜਿੰਦਰ ਬਾਜਵਾ ਨੇ 5000-5000 ਰੁਪਏ ਭੇਜੇ ਜਾ ਰਹੇ ਹਨ। ਇਸ ਤੋਂ ਬਿਨਾਂ ਉਨ੍ਹਾਂ ਨੇ ਫ਼ਤਿਹਗੜ੍ਹ ਚੂੜੀਆਂ ਨਗਰ ਕੌਂਸਲ ਲਈ ਇੱਕ ਲੱਖ ਰੁਪਏ, ਕਾਦੀਆਂ ਨਗਰ ਕੌਂਸਲ ਲਈ 50000 ਰੁਪਏ ਅਤੇ ਬਟਾਲਾ ਨਗਰ ਨਿਗਮ ਨੂੰ 50000 ਰੁਪਏ ਦੇ ਕੇ ਲੋੜਵੰਦਾਂ ਲਈ ਰਾਹਤ ਕਾਰਜ ਸ਼ੁਰੂ ਕਰਨ ਦੀ ਪ੍ਰੇਰਨਾ ਦਿੱਤੀ।