ਚੰਡੀਗੜ੍ਹ: ਪੰਜਾਬ ਵਿੱਚ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਗ੍ਰਿਫਤਾਰੀ ਤੋਂ ਰਾਹਤ ਮਿਲਣ ਤੋਂ ਬਾਅਦ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਸੁਖਪਾਲ ਖਹਿਰਾ ਖਿਲਾਫ ਨਸ਼ੇ ਦਾ ਮਾਮਲਾ ਦਰਜ ਹੈ, ਇਸ ਦੇ ਬਾਵਜੂਦ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਕਿਉਂ ਦਿੱਤੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ 'ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਾਂਗਰਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਟਿਕਟ ਦੇ ਦਿੱਤੀ। ਬਲਾਤਕਾਰ ਦੇ ਗੰਭੀਰ ਮਾਮਲੇ 'ਚ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਬੈਂਸ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਇਸ ਦੇ ਬਾਵਜੂਦ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ? ਮਜੀਠੀਆ ਨੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ 'ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਮਿਲੀਭੁਗਤ ਦਾ ਦੋਸ਼ ਲਾਇਆ ਹੈ।
ਮਜੀਠੀਆ ਦਾ ਸੀਐੱਮ ਚੰਨੀ ਨੂੰ ਸਵਾਲ
ਪ੍ਰੈਸ ਕਾਨਫਰੰਸ ਦੌਰਾਨ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਸਵਾਲ ਪੁੱਛਦੇ ਹੋਏ ਬਿਕਰਮ ਮਜੀਠੀਆ ਨੇ ਕਿਹਾ ਕਿ ਸੁਖਪਾਲ ਖਹਿਰਾ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਸੰਮਨ ਕੀਤਾ ਹੋਇਆ ਹੈ। ਜਦੋ ਖਹਿਰਾ ਨੂੰ ਮੁਲਜ਼ਮ ਬਣਾਇਆ ਗਿਆ ਸੀ ਉਸ ਸਮੇਂ ਛਾਪੇਮਾਰੀ ਨਹੀਂ ਹੋਈ ਜਦਕਿ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ। ਜਦੋ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਤਾਂ ਸੁਖਪਾਲ ਖਹਿਰਾ ਨੂੰ ਲੈ ਕੇ ਛਾਪੇਮਾਰੀ ਕਿਉਂ ਨਹੀਂ ਹੋਈ। ਉਨ੍ਹਾਂ ਲਈ ਅਤੇ ਸੁਖਪਾਲ ਖਹਿਰਾ ਦੇ ਲਈ ਕਾਨੂੰਨ ਵੱਖ ਵੱਖ ਕਿਉਂ ਹਨ।
ਕਾਂਗਰਸ ਚਲਾ ਰਹੀ ਦੋ ਕਾਨੂੰਨ- ਮਜੀਠੀਆ
ਆਪਣੀ ਗੱਲ ਜਾਰੀ ਰੱਖਦੇ ਹੋਏ ਮਜੀਠੀਆ ਨੇ ਕਿਹਾ ਕਿ ਸਿਮਰਨਜੀਤ ਸਿੰਘ ਬੈਂਸ ਜਿਨ੍ਹਾਂ ਦੇ ਖਿਲਾਫ ਗੰਭੀਰ ਬਲਾਤਕਾਰ ਦੇ ਇਲਜ਼ਾਮ ਲੱਗੇ ਹਨ, ਕੋਰਟ ਦੇ ਆਦੇਸ਼ਾਂ ਤੋਂ ਬਾਅਦ ਵੀ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਸੂਬੇ ’ਚ ਕਾਂਗਰਸ ਦੋ ਕਾਨੂੰਨ ਚਲਾ ਰਹੀ ਹੈ। ਸਿੱਧੂ ਮੁਸੇਵਾਲਾ ਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਹੋਇਆ ਪਰ ਅਜੇ ਤੱਕ ਉਸਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹੈ। ਅਜਿਹੇ ਉਮੀਦਵਾਰਾਂ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੀ ਗਈ ਹੈ। ਜਿਸ ’ਚ ਸੁਖਪਾਲ ਖਹਿਰਾ ਅਤੇ ਸਿੱਧੂ ਮੂਸੇਵਾਲਾ ਸ਼ਾਮਲ ਹਨ। ਕਾਂਗਰਸ ਦੇ ਦੋਹਰੇ ਮਾਪਦੰਡ ਹਨ।
ਮਜੀਠੀਆ ਨੇ ਰੰਧਾਵਾ ਅਤੇ ਸੀਐੱਮ ਚੰਨੀ ਨੂੰ ਘੇਰਿਆ
ਬਿਕਰਮ ਮਜੀਠੀਆ ਨੇ ਸਿਧਾਰਥ ਚਟੋਪਾਧਿਆਏ ਨੂੰ ਘੇਰਦੇ ਹੋਏ ਕਿਹਾ ਕਿ ਚਟੋਪਾਧਿਆਏ ਦੀ ਸਰਬਜੀਤ ਸਿੰਘ ਦੇ ਨਾਲ ਗੱਲਬਾਤ ਹੁੰਦੀ ਸੀ ਜਿਸਦੀ ਇੱਕ ਆਡਿਓ ਵੀ ਵਾਇਰਲ ਹੋਈ ਹੈ। ਵਾਇਰਲ ਆਡਿਓ ’ਚ ਫੇਕ ਐਨਕਾਉਂਟਰ ਦੀ ਵੀ ਗੱਲ ਆਖੀ ਗਈ ਹੈ ਕੀ ਇੱਥੇ ਕਾਨੂੰਨ ਵੱਖ ਹੈ। ਭਗੌੜੇ ਨਾਲ ਮਿਲ ਕੇ ਚਟੋਪਾਧਿਆਏ ਨੇ ਸਾਜਿਸ਼ ਰਚੀ। ਕਾਨੂੰਨ ਦੇ ਉਲਟ ਜਾ ਕੇ ਮੇਰੇ ਖਿਲਾਫ ਕਾਰਵਾਈ ਹੋ ਰਹੀ ਹੈ। ਡਿਪਟੀ ਸੀਐੱਮ, ਹਰਪ੍ਰੀਤ ਸਿੱਧੂ ਅਤੇ ਡੀਜੀਪੀ ਦੀ ਫੋਨ ਰਿਕਾਰਡਿੰਗ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਚਲ ਸਕੇ ਕਿ ਸਰਬਜੀਤ ਨੂੰ ਇੰਨੀ ਜਾਣਕਾਰੀ ਕਿੱਥੋ ਮਿਲਦੀ ਸੀ। ਪੀਓ ਸਰਬਜੀਤ ਸਿੰਘ ਦੇ ਕੋਲ ਕਈ ਪਾਵਰ ਹੈ। ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ।
ਮੇਰੇ ਘਰ 'ਤੇ ਛਾਪਾ, ਪਤਨੀ, ਬੱਚਿਆਂ ਅਤੇ ਮਾਂ ਨੂੰ ਪਰੇਸ਼ਾਨ ਕੀਤਾ- ਮਜੀਠੀਆ
ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੀ ਜ਼ਮਾਨਤ ਦੀ ਸੁਣਵਾਈ ਹਾਈਕੋਰਟ ਵਿੱਚ ਹੋਈ ਸੀ। ਮੇਰੇ ਵਕੀਲਾਂ ਨੇ ਮੰਗ ਕੀਤੀ ਕਿ ਸਾਨੂੰ ਸੁਪਰੀਮ ਕੋਰਟ ਜਾ ਕੇ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਸਮਾਂ ਦਿੱਤਾ ਜਾਵੇ। ਹਾਈਕੋਰਟ ਨੇ ਕਿਹਾ ਕਿ ਉਹ ਇਸ 'ਤੇ ਵਿਚਾਰ ਕਰੇਗਾ। ਮੈਂ ਫਿਰ 4 ਵਜੇ ਮੋਹਾਲੀ ਅਦਾਲਤ ਵਿੱਚ ਬੈਠ ਗਿਆ। ਮੈਂ ਸਮਰਪਣ ਕਰਨ ਲਈ ਤਿਆਰ ਸੀ। ਵਕੀਲਾਂ ਨੇ ਉਨ੍ਹਾਂ ਨੂੰ ਲਿਖਤੀ ਹੁਕਮ ਆਉਣ ਤੋਂ ਪਹਿਲਾਂ ਰੁਕਣ ਲਈ ਕਿਹਾ। ਹਾਈ ਕੋਰਟ ਦਾ ਹੁਕਮ ਆਉਣ ਤੋਂ ਪਹਿਲਾਂ ਹੀ ਪੁਲਿਸ ਨੇ ਮੇਰੇ ਘਰ ਛਾਪੇਮਾਰੀ ਸ਼ੁਰੂ ਕਰ ਦਿੱਤੀ। ਮੇਰੀ ਪਤਨੀ ਅਤੇ 8 ਸਾਲ ਦਾ ਬੇਟਾ ਕੋਵਿਡ ਪਾਜ਼ੀਟਿਵ ਹਨ। 80 ਸਾਲਾ ਮਾਂ ਵ੍ਹੀਲਚੇਅਰ 'ਤੇ ਹੈ ਅਤੇ 10 ਸਾਲ ਦਾ ਬੇਟਾ ਉਸ ਦੀ ਦੇਖਭਾਲ ਕਰਦਾ ਹੈ। ਪੁਲਿਸ ਨੇ ਜਾ ਕੇ ਉਨ੍ਹਾਂ ਨੂੰ ਤੰਗ ਕੀਤਾ।
ਮਜੀਠੀਆ ਨੇ ਅੱਗੇ ਕਿਹਾ ਕਿ ਸੀਐੱਮ ਚਰਨਜੀਤ ਚੰਨੀ ਦੀ ਸਾਲੀ ਦੇ ਬੇਟੇ ਕੋਲੋਂ 10 ਕਰੋੜ ਨਕਦ ਅਤੇ 12 ਲੱਖ ਦੀ ਘੜੀ ਮਿਲੀ ਹੈ। ਜਦਕਿ ਉਸਦਾ ਪੂੰਜੀ ਨਿਵੇਸ਼ 18 ਲੱਖ ਰੁਪਏ ਹੈ। ਇਸ ਮਾਮਲੇ 'ਚ ਚੰਨੀ ਖਿਲਾਫ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ?
'ਐਨਆਈਏ ਕਰੇ ਜਾਂਚ'
ਮਜੀਠੀਆ ਨੇ ਕਿਹਾ ਕਿ ਇੱਕ ਆਡੀਓ ਰਾਹੀਂ ਪਤਾ ਲੱਗਾ ਹੈ ਕਿ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਭਗੌੜੇ ਯਾਨੀ ਪੀਓ ਦੇ ਕਹਿਣ 'ਤੇ ਪੁਲਿਸ ਮੁਲਾਜ਼ਮਾਂ ਦਾ ਤਬਾਦਲਾ ਕੀਤਾ ਹੈ। ਪੀਓ ਕਿਵੇਂ ਕਹਿ ਰਿਹਾ ਹੈ ਕਿ ਮੋਹਾਲੀ ਵਿੱਚ 2 ਘਰ ਲੈ ਕੇ ਲੋਕਾਂ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਿਆ ਜਾਵੇਗਾ। ਪੀਓ ਇਹ ਵੀ ਕਹਿ ਰਿਹਾ ਹੈ ਕਿ ਮੋਦੀ (ਪੀਐਮ ਨਰਿੰਦਰ ਮੋਦੀ) ਦੀਆਂ ਅੱਖਾਂ ਖੁੱਲ੍ਹ ਜਾਣਗੀਆਂ। ਪੀਓ ਪੰਜਾਬ ਵਿੱਚ ਨਸ਼ਿਆਂ ਅਤੇ ਆਰਡੀਐਕਸ ਦੀ ਆਮਦ ਬਾਰੇ ਵੀ ਜਾਣੂ ਹੈ। ਨਸ਼ਾ ਤਸਕਰ ਭੋਲਾ ਨਾਲ ਪੀਓ ਕਿਵੇਂ ਗੱਲ ਕਰ ਰਿਹਾ ਸੀ, ਇਸ ਮਾਮਲੇ 'ਚ ਗ੍ਰਹਿ ਮੰਤਰੀ ਵੀ ਸ਼ਾਮਲ ਹਨ। ਡੀਜੀਪੀ ਕਿਵੇਂ ਪੀਓ ਨੂੰ ਆਪਣੇ ਘਰ ਬੁਲਾ ਰਿਹਾ ਹੈ? ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਰਾਹੀਂ ਹੋਣੀ ਚਾਹੀਦੀ ਹੈ। ਚੋਣ ਕਮਿਸ਼ਨ ਨੂੰ ਵੀ ਇਸ ਦੀ ਜਾਂਚ ਕਰਨੀ ਚਾਹੀਦੀ ਹੈ।