ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਵਿਧਾਇਕ ਪਰਗਟ ਸਿੰਘ ਨੂੰ ਧਮਕੀ ਦੇਣ ਤੋਂ ਬਾਅਦ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਦੇ ਹੱਕ ਵਿੱਚ ਖੜ੍ਹ ਗਏ ਹਨ। ਇਸ ਦੌਰਾਨ ਈਟੀਵੀ ਭਾਰਤ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਖਾਸ ਗੱਲਬਾਤ ਕੀਤੀ।
ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਕਿਹਾ ਤੇ ਉਹ ਨਾ ਕਿਸੇ ਤੋਂ ਡਰਦੇ ਹਨ ਨਾ ਕਿਸੇ ਨੂੰ ਡਰਾਉਂਦੇ ਹਨ ਜਿੱਥੇ ਸਰਕਾਰ ਵਧੀਆ ਕੰਮ ਕਰਦੀ ਹੈ ਉੱਥੇ ਉਹ ਤਾਰੀਫ਼ ਕਰਦੇ ਹਨ ਜਿੱਥੇ ਗ਼ਲਤ ਹੁੰਦੀ ਹੈ ਉਸ ਨੂੰ ਦਰੁਸਤ ਕਰਨ ਬਾਰੇ ਆਵਾਜ਼ ਚੁੱਕਦੇ ਹਨ ਅਤੇ ਸੱਚ ਦੀ ਆਵਾਜ਼ ਚੁੱਕਣ ਵਾਲੇ ਪਰਗਟ ਸਿੰਘ ਦੀ ਪਿੱਠ ਤੇ ਹਮੇਸ਼ਾ ਪ੍ਰਤਾਪ ਸਿੰਘ ਬਾਜਵਾ ਖੜ੍ਹੇ ਰਹਿਣਗੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹਾ ਕਰਨ ਦੀ ਸਲਾਹ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਦੋਸਤ ਨਹੀਂ ਬਲਕਿ ਦੁਸ਼ਮਣ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇਕਰ ਦਰਵਾਜ਼ੇ ਖਟਖਟਾਉਣ ਹੀ ਸਨ ਤਾਂ ਬਾਦਲਾਂ ਦੇ ਖੱਟਖਟਾਉਂਦੇ ਲੇਕਿਨ ਅਜਿਹਾ ਨਾ ਕਰ ਕੈਪਟਨ ਆਪਣੇ ਹੀ ਵਿਧਾਇਕਾਂ ਖ਼ਿਲਾਫ਼ ਹੋ ਰਹੇ ਹਨ।
ਸਵਾਲ : ਕੀ ਤੁਹਾਨੂੰ ਲਗਦਾ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਆਸੀ ਤੌਰ ਤੇ ਕਮਜ਼ੋਰ ਹੋ ਚੁੱਕੇ ਹਨ ?
ਜਵਾਬ : ਪ੍ਰਤਾਪ ਬਾਜਵਾ ਨੇ ਕਿਹਾ ਕਿ ਵਿਜੀਲੈਂਸ ਦੀਆਂ ਧਮਕੀਆਂ ਦੇਣ ਨਾਲ ਕੈਪਟਨ ਦੀ ਕਿਰਕਰੀ ਹੋਵੇਗੀ ਤਾਂ ਉੱਥੇ ਹੀ ਵਿਧਾਇਕ ਪਰਗਟ ਸਿੰਘ ਜੋ ਕਿ ਆਪਣੇ ਆਪ ਵਿਚ ਇਕ ਚੰਗੇ ਲੀਡਰ ਅਤੇ ਇਨਸਾਨ ਹਨ ਉਨ੍ਹਾਂ ਦੀ ਪਿੱਠ ਪਿੱਛੇ ਲੋਕ ਖੜ੍ਹੇ ਰਹਿਣਗੇ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦਾ ਨੁਕਸਾਨ ਖੁਦ ਹੋਵੇਗਾ ਅਤੇ ਇਹ ਸਮਾਂ ਸਿਆਸਤ ਕਰਨ ਦਾ ਨਹੀਂ ਬਲਕਿ ਕੋਰੋਨਾ ਮਹਾਂਮਾਰੀ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਦਾ ਸਮਾਂ ਹੈ। ਜਦ ਕਿ ਵਿਜੀਲੈਂਸ ਦਾ ਇਸਤੇਮਾਲ ਕਰ ਕਾਂਗਰਸ ਪਾਰਟੀ ਕਮਜ਼ੋਰ ਹੋਵੇਗੀ ਤਾਂ ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਸਵਾਲ : ਕੀ ਆਪਣੀ ਹੀ ਲੀਡਰਸ਼ਿਪ ਤੋਂ ਅੱਕੇ ਕੈਪਟਨ ਆਪਣਿਆਂ ਖ਼ਿਲਾਫ਼ ਕਾਰਵਾਈ ਕਰ ਰਹੇ ਹਨ ?
ਜਵਾਬ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਮਰਜ਼ੀ ਕਰ ਲੈਣ ਲੇਕਿਨ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਸਹੁੰ ਚੁੱਕਣ ਵਾਲੇ ਵਾਅਦੇ ਨੂੰ ਮੁੱਖ ਮੰਤਰੀ ਨੂੰ ਜ਼ਰੂਰ ਪੂਰਾ ਕਰਨਾ ਪਵੇਗਾ ਅਤੇ ਉਹ ਇਨ੍ਹਾਂ ਦਾ ਨਿੱਜੀ ਵਾਅਦਾ ਸੀ ਜਿਸ ਵਿੱਚ ਮੁੱਖ ਮੰਤਰੀ ਵੱਲੋਂ ਸਾਰੇ ਕਾਂਗਰਸੀਆਂ ਨੂੰ ਸ਼ਾਮਿਲ ਕੀਤਾ ਗਿਆ। ਇਸ ਤੋਂ ਇਲਾਵਾ ਬੇਅਦਬੀ ਮਾਮਲਿਆਂ ਵਿੱਚ 45 ਦਿਨ ਦਾ ਸਮਾਂ ਸਰਕਾਰ ਨੂੰ ਦਿੱਤਾ ਗਿਆ ਹੈ ਜੇਕਰ 45 ਦਿਨਾਂ ਵਿੱਚ ਕੀਤੇ ਗਏ ਵਾਅਦੇ ਨੂੰ ਪੂਰਾ ਨਾ ਕੀਤਾ ਗਿਆ ਤਾਂ ਕਾਂਗਰਸ ਦੀ ਸਥਿਤੀ ਪੰਜਾਬ ਵਿੱਚ ਸਾਫ ਸਪੱਸ਼ਟ ਹੋ ਜਾਵੇਗੀ ਕੀ ਆਖਿਰ ਕਿਹੜੇੇ ਵਿਧਾਇਕ ਕੀ ਚਾਹੁੰਦੇ ਹਨ ਅਤੇ ਫ਼ਰੀਦਕੋਟ ਵਿਖੇ 6 ਫੜੇ ਗਏ ਡੇਰਾ ਪ੍ਰੇਮੀ ਵੀ ਉਨ੍ਹਾਂ ਦੇ ਪ੍ਰੈਸ਼ਰ ਕਾਰਨ ਫੜੇ ਗਏ ਹਨ ਪਰ ਉਨ੍ਹਾਂ ਨੂੰ ਉਮੀਦ ਸੀ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸਿੰਘ ਸੈਣੀ ਜਾਂ ਫਿਰ ਗੋਲੀ ਚਲਾਉਣ ਦੇ ਹੁਕਮ ਦੇਣ ਵਾਲੇ ਗ੍ਰਿਫਤਾਰ ਕੀਤੇ ਜਾਣਗੇ।
ਲੋਕ ਇਹ ਵੀ ਦੇਖ ਰਹੇ ਹਨ ਕਿ ਛੇ ਸਾਲ ਦੌਰਾਨ ਕੋਈ ਵੀ ਗ੍ਰਿਫ਼ਤਾਰ ਨਹੀਂ ਹੋਇਆ ਅਤੇ ਹੁਣ ਇਹ ਗ੍ਰਿਫ਼ਤਾਰੀਆਂ ਕਿਹੜੇ ਲੋਕਾਂ ਦੇ ਦਬਾਅ ਹੇਠ ਹੋ ਰਹੀਆਂ ਹਨ। ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਉਹ ਸਿਰਫ਼ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਹੇ ਹਨ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਬਾਰੇ ਜਾਂ ਕਿਸੇ ਹੋਰ ਨੂੰ ਸੂਬੇ ਦਾ ਮੁਖੀ ਲਗਾਉਣ ਦੀ ਮੰਗ ਨਹੀਂ ਕਰ ਰਹੇ ।
ਸਵਾਲ : ਹਾਈਕਮਾਨ ਇਸ ਮਾਮਲੇ ਵਿੱਚ ਦਖ਼ਲ ਕਿਉਂ ਨਹੀਂ ਦੀ ਰਹੀ ?
ਜਵਾਬ : ਪ੍ਰਤਾਪ ਸਿੰਘ ਬਾਜਵਾ ਨੇ ਇਸ ਸਵਾਲ ਦਾ ਜਵਾਬ ਨਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਹਾਈਕਮਾਨ ਵੱਲੋਂ ਦਖ਼ਲ ਅੰਦਾਜ਼ੀ ਕਿਉਂ ਨਹੀਂ ਕੀਤੀ ਜਾ ਰਹੀ ਇਸ ਬਾਰੇ ਕੁਝ ਵੀ ਨਹੀਂ ਪਤਾ।