ਚੰਡੀਗੜ੍ਹ: ਪੰਜਾਬ 'ਚ ਸਾਰੇ ਅਦਾਰਿਆਂ ਨੇ ਕਿਸਾਨਾਂ ਦੀ ਇਸ ਬੰਦ ਦੀ ਕਾਲ ਦਾ ਸਮਰਥਨ ਕੀਤਾ। ਜਲੰਧਰ, ਲੁਧਿਆਣਾ, ਪਟਿਆਲਾ, ਬਰਨਾਲਾ, ਅੰਮ੍ਰਿਤਸਰ, ਮਾਨਸਾ, ਤਰਨਤਾਰਨ ਦੇ ਨਾਲ-ਨਾਲ ਸਾਰੇ ਹੀ ਜ਼ਿਲ੍ਹਿਆਂ 'ਚ ਮੁਕੰਮਲ ਬੰਦ ਰਿਹਾ ਤੇ ਕਿਸਾਨਾਂ ਤੋਂ ਇਲਾਵਾ ਵਪਾਰੀਆਂ, ਵਕੀਲਾਂ, ਡਾਕਟਰਾਂ, ਪੈਟਰੋਲ ਪੰਪ ਮਾਲਕਾਂ, ਦੁਕਾਨਦਾਰਾਂ ਤੇ ਆਮ ਲੋਕਾਂ ਨੇ ਵੀ ਧਰਨੇ ਪ੍ਰਦਰਸ਼ਨ 'ਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਇਕਸੁਰ ਨਾਲ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
ਜੇ ਗੱਲ ਜਲੰਧਰ ਦੀ ਕਰੀਏ ਤਾਂ ਬਾਜ਼ਾਰ ਅਤੇ ਪੈਟਰੋਲ ਪੰਪ ਬੰਦ ਰਹੇ ਉਥੇ ਹੀ ਮਕਸੂਦਾਂ ਸਬਜ਼ੀ ਮੰਡੀ 'ਚ ਆੜਤੀਆਂ ਨੇ ਮੰਡੀ ਦੇ ਸਾਰੇ ਗੇਟ ਬੰਦ ਕਰਕੇ ਬੰਦ ਦਾ ਸਮਰਥਨ ਕੀਤਾ।
ਜਲੰਧਰ ਦੇ ਪੀਏਪੀ ਚੌਕ ਵਿਖੇ ਸਵੇਰੇ ਦੱਸ ਵਜੇ ਹੀ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਰਾਸ਼ਟਰੀ ਰਾਜ ਮਾਰਗ ਉੱਪਰ ਦਰੀਆਂ ਵਿਛਾ ਇਸ ਮਾਰਗ ਨੂੰ ਰੋਕ ਦਿੱਤਾ।
ਭਾਰਤ ਬੰਦ ਦੇ ਮੱਦੇਨਜ਼ਰ ਲੁਧਿਆਣਾ ਦਾ ਚੌੜਾ ਬਾਜ਼ਾਰ ਮਾਰਕੀਟ ਪੂਰੀ ਤਰ੍ਹਾਂ ਬੰਦ ਰਿਹਾ। ਵਪਾਰੀਆਂ ਵੱਲੋਂ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਗਿਆ। ਇਸ ਤੋਂ ਇਲਾਵਾ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਜ਼ਿਲ੍ਹੇ ਵਿੱਚ ਭਾਰਤ ਬੰਦ ਨੂੰ ਲੈ ਕੇ 1500 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ।
ਬਰਨਾਲਾ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਕਿਸਾਨ ਜਥੇਬੰਦੀਆਂ ਨੂੰ ਵਪਾਰੀ ਵਰਗ ਸਮੇਤ ਹਰ ਵਰਗ ਵੱਲੋਂ ਸਹਿਯੋਗ ਦਿੱਤਾ ਗਿਆ। ਬਰਨਾਲਾ ਦੇ ਵਕੀਲਾਂ ਨੇ ਹੜਤਾਲ ਕਰ ਕੇ ਭਾਰਤ ਬੰਦ ਲਈ ਕਿਸਾਨਾਂ ਨੂੰ ਸਮਰਥਨ ਦਿੱਤਾ।
ਪਟਿਆਲਾ ਜ਼ਿਲ੍ਹੇ ਦੇ ਨਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬੰਦ ਦਾ ਸਮੱਰਥਨ ਕੀਤਾ ਗਿਆ। ਕਿਸਾਨਾਂ ਵੱਲੋਂ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।
ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਕਿਸਾਨੀ ਸੰਘਰਸ਼ ਦੇ ਸਮਰਥਨ ਵਿੱਚ ਦਰਬਾਰ ਸਾਹਿਬ ਦੇ ਨੇੜੇ 600 ਦੁਕਾਨਾਂ ਬੰਦ ਰਹੀਆਂ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਹੋਰ ਦਿਨਾਂ ਨਾਲੋਂ ਘੱਟ ਰਹੀ। ਭਾਰਤ ਬੰਦ ਦੇ ਦੌਰਾਨ ਬਹੁਤੇ ਕਿਸਾਨ ਸੜਕਾਂ 'ਤੇ ਦਿਖਾਈ ਦਿੱਤੇ।
ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾ ਕੇ ਲੋਕਾਂ ਕੋਲੋ ਸਹਿਯੋਗ ਦੀ ਮੰਗ ਕੀਤੀ ਗਈ।
ਮਾਨਸਾ ਵਿੱਚ ਭਰਾਤਰੀ ਜਥੇਬੰਦੀਆਂ ਤੇ ਸਫਾਈ ਸੇਵਕ ਯੂਨੀਅਨ ਵੱਲੋਂ ਰੋਸ ਮਾਰਚ ਕੀਤਾ ਗਿਆ। ਭਾਰਤ ਬੰਦ ਨੂੰ ਮਾਨਸਾ ਦੇ ਵਪਾਰੀਆਂ ਤੇ ਦੁਕਾਨਦਾਰਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।
ਬਠਿੰਡਾ ਵਿੱਚ ਭਾਰਤ ਬੰਦ ਸਫ਼ਲ ਬਣਾਉਣ ਲਈ ਸ਼ਹਿਰ ਵਾਸੀ ਵੀ ਕਿਸਾਨਾਂ ਦੇ ਹੱਕ ਵਿੱਚ ਉੱਤਰੇ। ਜ਼ਿਲ੍ਹੇ ਵਿੱਚ ਕਲਮ ਛੋੜ ਚੱਕਾ ਜਾਮ ਅਤੇ ਅਰਥੀ ਸਾੜ ਕੇ ਵੱਖ ਵੱਖ ਜਥੇਬੰਦੀਆਂ ਨੇ ਭਾਰਤ ਬੰਦ ਦਾ ਸਮਰਥਨ ਕੀਤਾ।
ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਹੱਲੋਮਾਜਰਾ ਚੌਕ 'ਤੇ ਪੰਜਾਬ ਯੂਥ ਕਾਂਗਰਸ ਅਤੇ ਚੰਡੀਗੜ੍ਹ ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਧਰਨੇ 'ਚ ਸ਼ਾਮਲ ਕਾਂਗਰਸ ਮਹਿਲਾ ਮੋਰਚਾ ਵੱਲੋਂ ਵੀ ਸੜਕਾਂ 'ਤੇ ਲੰਮੇ ਪੈ ਕੇ ਪ੍ਰਦਰਸ਼ਨ ਕੀਤਾ ਗਿਆ।