ਚੰਡੀਗੜ੍ਹ: 22 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼-ਵਾਸੀਆਂ ਨੂੰ 'ਜਨਤਾ ਕਰਫ਼ਿਊ' ਦੀ ਅਪੀਲ ਕੀਤੀ ਗਈ ਸੀ ਜਿਸ ਨੂੰ ਭਾਰਤ ਵਾਸੀਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਸੈਕਟਰ 18 ਦੇ ਵਿੱਚ ਲੋਕਾਂ ਨੇ 5.00 ਵਜੇ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਉੱਥੇ ਹੀ ਕਈ ਲੋਕਾਂ ਵੱਲੋਂ ਸੰਖ, ਥਾਲੀਆਂ, ਟੱਲੀਆਂ ਜਿਸ ਕੋਲ ਜੋ ਵੀ ਵਸਤੂ ਸੀ ਲੈ ਕੇ ਪੁੱਜਿਆ ਉਸ ਨੇ ਉਹ ਵਜਾਈ ਅਤੇ ਜਨ-ਸੇਵਕਾਂ ਦਾ ਸ਼ੁਕਰੀਆ ਅਦਾ ਕੀਤਾ।
ਥਾਲੀ ਵਜਾ ਰਹੇ ਇੱਕ ਸ਼ਖਸ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਸੁਨੇਹਾ ਦਿੱਤਾ ਗਿਆ ਹੈ ਉਹ ਉਸ ਨੂੰ ਪੂਰਾ ਕਰ ਰਹੇ ਹਨ। ਉੱਥੇ ਹੀ ਇੱਕ ਔਰਤ ਨੇ ਦੱਸਿਆ ਕਿ ਇੰਨੇ ਗੰਭੀਰ ਸੰਕਟ ਦੇ ਵਿੱਚ ਵੀ ਜੋ ਲੋਕ ਦੇਸ਼ ਦੀ ਸੇਵਾ ਕਰ ਰਹੇ ਹਨ, ਉਹ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦੀ ਹੈ ਅਤੇ ਇਸ ਦੇ ਲਈ ਥਾਲੀ ਵਜਾ ਕੇ ਉਨ੍ਹਾਂ ਦਾ ਸਤਿਕਾਰ ਕਰ ਰਹੀ ਹੈ।
ਕਾਬਿਲੇ ਗੌਰ ਹੈ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੁਣ ਤੱਕ 300 ਤੋਂ ਵੱਧ ਲੋਕ ਪੀੜਤ ਹਨ ਅਤੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਤੋਂ ਬਚਾਅ ਦੇ ਲਈ ਜਿੱਥੇ ਇੱਕ ਪਾਸੇ ਜਨਤਾ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ, ਉੱਥੇ ਹੀ ਕੁੱਝ ਸੇਵਾਵਾਂ ਅਜਿਹੀਆਂ ਹਨ, ਜਿੰਨਾਂ ਦੀ ਡਿਊਟੀ ਕਰਨਾ ਮੁਲਾਜ਼ਮਾਂ ਦਾ ਫ਼ਰਜ਼ ਹੈ। ਇਸ ਲਈ ਮੁਲਾਜ਼ਮ ਦਿਨ ਰਾਤ ਆਮ ਜਨਤਾ ਦੀ ਸੇਵਾ ਦੇ ਲਈ ਲੱਗੇ ਹੋਏ ਹਨ। ਉਨ੍ਹਾਂ ਦਾ ਧੰਨਵਾਦ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਵੱਲੋਂ 5 ਮਿੰਟ ਦੇ ਲਈ ਤਾੜੀਆਂ ਅਤੇ ਥਾਲੀਆਂ ਵਜਾ ਕੇ ਧੰਨਵਾਦ ਕਰਨ ਲਈ ਕਿਹਾ ਗਿਆ ਸੀ ਜਿਸ ਨੂੰ ਕਿ ਪੂਰੇ ਚੰਡੀਗੜ੍ਹ ਵਾਸੀਆਂ ਨੇ ਬਖ਼ੂਬੀ ਨਿਭਾਇਆ।