ਚੰਡੀਗੜ੍ਹ: ਪੰਜਾਬ ਕਾਂਗਰਸ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਪਹਿਲਾਂ ਹੀ ਕਾਂਗਰਸ ਸਿੱਧੂ-ਕੈਪਟਨ ਕਲੇਸ਼ ਤੋਂ ਲੰਬੇ ਸੰਘਰਸ਼ ਉਪਰੰਤ ਬਾਹਰ ਆਈ ਸੀ ਤਾਂ ਹੁਣ ਨਵਾਂ ਬਬਾਲ ਸ਼ੁਰੂ ਹੋਣ ਦੀ ਤਿਆਰੀ 'ਚ ਹੈ।
ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਲੋਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ। ਸੁਨੀਲ ਜਾਖੜ ਵਲੋਂ ਰਾਣਾ ਸੋਢੀ ਖਿਲਾਫ਼ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਗਈ ਹੈ। ਸੁਨੀਲ ਜਾਖੜ ਵਲੋਂ ਆਪਣੀ ਚਿੱਠੀ 'ਚ ਰਾਣਾ ਸੋਢੀ ਨੂੰ ਕੈਬਨਿਟ ਤੋਂ ਬਰਖ਼ਾਸਤੀ ਤੋਂ ਲੈਕੇ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੀਤੀ ਹੈ।
ਸੂਤਰਾਂ ਦਾ ਕਹਿਣਾ ਕਿ ਰਾਣਾ ਸੋਢੀ ਵਲੋਂ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਮੌਕੇ ਗਲਤ ਢੰਗ ਨਾਲ ਸ਼ਰਾਬ ਦੀ ਫੈਕਟਰੀ ਦਾ ਲਾਇਸੈਂਸ ਲਿਆ ਗਿਆ ਸੀ ਅਤੇ ਨਾਲ ਹੀ ਇੱਕ ਹੋਰ ਮਾਮਲੇ 'ਚ ਆਪਣੀ ਇੱਕ ਜ਼ਮੀਨ ਦਾ ਦੋ ਵਾਰ ਮੁਆਵਜ਼ਾ ਲਿਆ ਗਿਆ ਹੈ। ਰਾਣਾ ਸੋਢੀ ਵਲੋਂ ਪਿੰਡ ਖੀਰਾਂਵਾਲੀ 'ਚ ਸ਼ਰਾਬ ਦੀ ਫੈਕਟਰੀ ਲਗਾਈ ਜਾ ਰਹੀ ਹੈ।
ਇਹ ਵੀ ਪੜ੍ਹੋ:ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਹੈ ਕਿ ਸ਼ਰਾਬ ਦੀ ਫੈਕਟਰੀ ਦਾ ਵਿਰੋਧ ਕਰ ਰਹੇ ਸਥਾਨਕ ਲੋਕਾਂ ਵਲੋਂ ਲੋਕ ਸਭਾ ਮੈਂਬਰ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੱਕ ਵੀ ਪਹੁੰਚ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਵਲੋਂ ਪਹਿਲਾਂ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣ ਦੀ ਗੱਲ ਕੀਤੀ ਗਈ ਸੀ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸ਼ਰਾਬ ਫੈਕਟਰੀ ਦਾ ਲਾਇਸੈਂਸ ਉਨ੍ਹਾਂ ਦੀ ਸਰਕਾਰ ਮੌਕੇ ਜਾਰੀ ਹੋਇਆ ਤਾਂ ਉਹ ਵੀ ਮੌਕੇ ਤੋਂ ਪਿਛੇ ਹਟ ਗਏ ਹਨ।
ਹੁਣ ਦੇਖਣਾ ਇਹ ਹੋਵੇਗਾ ਕਿ ਸੁਨੀਲ ਜਾਖੜ ਦੀ ਚਿੱਠੀ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਕੀ ਨਵਾਂ ਮੋੜ ਆਉਂਦਾ ਹੈ, ਕਿਉਂਕਿ ਮੁੱਖ ਮੰਤਰੀ ਦੇ ਨਾਲ-ਨਾਲ ਕਾਂਗਰਸ ਹਾਈਕਮਾਨ ਨੂੰ ਵੀ ਜਾਖੜ ਵਲੋਂ ਚਿੱਠੀ ਲਿਖੀ ਗਈ ਹੈ।
ਇਹ ਵੀ ਪੜ੍ਹੋ:ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਕਿਸਾਨਾਂ ਦੇ ਨਾਲ ਖੜੇ, ਫਿਰ ਸਾਡਾ ਵਿਰੋਧ ਕਿਉਂ? : ਔਜਲਾ