ਚੰਡੀਗੜ੍ਹ: ਪ੍ਰਾਈਵੇਟ ਸਕੂਲਾਂ ਤੋਂ ਬਾਅਦ ਹੁਣ ਪੰਜਾਬ ਦੀ ਨਿੱਜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਮਨਚਾਹੀ ਫੀਸ ਵਸੂਲਣ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ। ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵੱਲੋਂ ਵਸੂਲੀ ਜਾ ਰਹੀ ਫੀਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ।
ਵਿਦਿਆਰਥੀਆਂ ਮੁਤਾਬਕ ਉਨ੍ਹਾਂ ਤੋਂ 115000 ਰੁਪਏ ਮੰਗੇ ਜਾ ਰਹੇ ਹਨ ਜਦ ਕਿ ਟਿਊਸ਼ਨ ਫੀਸ ਇਸ ਵਿੱਚ ਸਿਰਫ਼ 55000 ਹੈ, ਬਾਕੀ ਸਾਰੀ ਫੀਸ ਨਜਾਇਜ਼ ਤਰੀਕੇ ਨਾਲ ਵਸੂਲੀ ਜਾ ਰਹੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਹੋਸਟਲ ਫੀਸ ਵੀ ਵਸੂਲੀ ਜਾ ਰਹੀ ਹੈ ਜਦਕਿ ਬੱਚੇ ਹੋਸਟਲ ਵਿੱਚ ਰਹਿ ਹੀ ਨਹੀਂ ਰਹੇ। ਵਿਦਿਆਰਥੀਆਂ ਵੱਲੋਂ ਕੋਰਟ ਵਿੱਚ ਪੇਸ਼ ਹੋਏ ਸੀਨੀਅਰ ਵਕੀਲ ਚੇਤਨ ਮਿੱਤਲ ਨੇ ਕੋਰਟ ਨੂੰ ਦੱਸਿਆ ਕਿ ਬੱਚਿਆਂ ਨੂੰ ਲੇਟ ਫੀਸ ਦੇ ਨਾਂਅ 'ਤੇ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਨੋਟਿਸ ਲਾਇਆ ਗਿਆ ਹੈ ਕਿ ਸਮੇਂ ਸਿਰ ਫੀਸ ਨਾ ਜਮ੍ਹਾਂ ਕਰਵਾਉਣ 'ਤੇ 1000 ਤੋਂ ਲੈ ਕੇ 10000 ਲੇਟ ਫੀਸ ਲਗਾਈ ਜਾ ਜਾਵੇਗੀ।
ਇਸ ਦੇ ਨਾਲ ਹੀ ਵਕੀਲ ਚੇਤਨ ਮਿੱਤਲ ਨੇ ਦੱਸਿਆ ਕਿ 800 ਤੋਂ ਜ਼ਿਆਦਾ ਬੱਚਿਆਂ ਨੇ ਕਾਲਜ ਨੂੰ ਰਿਪ੍ਰੈਜ਼ੈਂਟੇਸ਼ਨ ਵੀ ਦਿੱਤੀ ਸੀ ਪਰ ਕਾਲਜ ਨੇ ਉਸ ਨੂੰ ਖ਼ਾਰਜ ਕਰ ਦਿੱਤਾ ਸੀ। ਇਸ ਕਰਕੇ ਵਿਦਿਆਰਥੀਆਂ ਵੱਲੋਂ ਹਾਈ ਕੋਰਟ ਦਾ ਰੁਖ਼ ਕੀਤਾ ਗਿਆ ਹੈ। ਉਨ੍ਹਾਂ ਨੇ ਕੋਰਟ ਨੂੰ ਦੱਸਿਆ ਕਿ ਵਿਦਿਆਰਥੀ ਇੰਨੀ ਫੀਸ ਨਹੀਂ ਦੇ ਸਕਦੇ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੀਆਂ ਸੇਵਾਵਾਂ ਬੱਚੇ ਲੈ ਹੀ ਨਹੀਂ ਰਹੇ, ਉਸ ਲਈ ਪੈਸੇ ਕਿਉਂ ਵਸੂਲੇ ਜਾ ਰਹੇ ਹਨ।
ਇਸ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸੁਣਵਾਈ ਕੋਰਟ ਨੇ ਕਾਲਜ ਨੂੰ ਨੋਟਿਸ ਜਾਰੀ ਕੀਤਾ ਅਤੇ ਨਾਲ ਹੀ ਲੇਟ ਫੀਸ 'ਤੇ ਵੀ ਰੋਕ ਲਗਾ ਦਿੱਤੀ ਹੈ।