ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਹੋਈ ਬੈਠਕ ਦੌਰਾਨ ਦੱਸਿਆ ਕਿ ਰੇਲਵੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਜੱਦੀ ਸਥਾਨਾਂ ‘ਤੇ ਲਿਜਾਣ ਲਈ 870 ਰੁਪਏ ਦੀ ਟਿਕਟ ਵਸੂਲ ਕਰ ਰਹੀ ਹੈ ਅਤੇ ਰਾਜ ਸਰਕਾਰ ਵੱਲੋਂ ਇਹ ਰਾਸ਼ੀ ਅਦਾ ਕੀਤੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਰੇਲਵੇ ਵੱਲੋਂ ਪ੍ਰਵਾਸੀ ਮਜ਼ਦੂਰਾਂ ਤੋਂ ਪ੍ਰਤੀ ਟਿਕਟ 870 ਰੁਪਏ ਲਏ ਜਾ ਰਹੇ ਹਨ, ਜੋ ਕਿ ਸੂਬਾ ਸਰਕਾਰ ਅਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਉਨ੍ਹਾਂ ਵੱਲੋਂ ਪਹਿਲਾਂ ਤੋਂ 35 ਕਰੋੜ ਰੁਪਏ ਵੱਖ ਰੱਖੇ ਹਏ ਹਨ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਾਂਗਰਸ ਪ੍ਰਧਾਨ ਨੂੰ ਜਾਣਕਾਰੀ ਦਿੱਤੀ ਕਿ ਸੂਬੇ ਨੇ 2 ਕਮੇਟੀਆਂ ਦਾ ਗਠਨ ਕੀਤਾ ਹੈ, ਇੱਕ ਰਣਨੀਤੀ ਲਈ ਕਿ ਤਾਲਾਬੰਦੀ ਤੋਂ ਬਾਹਰ ਕਿਵੇਂ ਆਉਣਾ ਹੈ ਅਤੇ ਦੂਜੀ ਆਰਥਿਕ ਪੁਨਰ ਸੁਰਜੀਤੀ ਬਾਰੇ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੋਵਿਡ-19 ਦੇ ਪ੍ਰਬੰਧਨ ਅਤੇ 17 ਮਈ ਤੋਂ ਬਾਅਦ ਆਉਣ ਵਾਲੀਆਂ ਚੁਣੌਤੀਆਂ ਸਬੰਧੀ ਕਾਂਗਰਸ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਸੱਦੀ ਸੀ।
ਬੈਠਕ ਦੌਰਾਨ ਸਾਰੇ ਕਾਂਗਰਸੀ ਮੁੱਖ ਮੰਤਰੀਆਂ ਨੇ ਕਿਹਾ ਕਿ ਪ੍ਰਵਾਸੀਆਂ ਨੂੰ ਘਰ ਵਾਪਸ ਭੇਜਣਾ ਯਕੀਨੀ ਬਣਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਸੋਨੀਆ ਗਾਂਧੀ ਨੂੰ ਕਿਹਾ ਕਿ ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਦੀ ਯਾਤਰਾ ਲਈ ਭੁਗਤਾਨ ਕਰਨ ਦਾ ਫ਼ੈਸਲਾ ਕੀਤਾ ਸੀ ਅਤੇ ਰੇਲਵੇ ਨੂੰ ਵਿਸ਼ੇਸ਼ ਰੇਲ ਗੱਡੀਆਂ ਮੰਗੀਆਂ ਸਨ।