ਚੰਡੀਗੜ੍ਹ: ਦੇਸ਼ ਵਿੱਚ ਪੰਜ ਸੂਬਿਆਂ ਦੀਆਂ ਵਿਧਾਨਸਭਾ ਚੋਣਾਂ ਹੋ ਰਹੀਆਂ ਹਨ ਪਰ ਸਾਰਿਆਂ ਦੀ ਨਜ਼ਰ ਪੰਜਾਬ ’ਤੇ ਹੈ। ਜਿੱਥੇ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੱਤਾ ਹਾਸਲ ਕਰਨ ਲਈ ਚੋਣ ਲੜ ਰਹੇ ਹਨ, ਉਥੇ 2017 ਵਿੱਚ ਪੂਰੀ ਹਨੇਰੀ ਝੁੱਲਣ ਦੇ ਬਾਵਜੂਦ ਵੀ ਸੱਤਾ ਤੋਂ ਕਿਤੇ ਦੂਰ ਰਹਿ ਗਈ ਦਿੱਲੀ ਦੀ ਆਮ ਆਦਮੀ ਪਾਰਟੀ ਇੱਕ ਵਾਰ ਫੇਰ ਵੱਡੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ।
ਇਹੋ ਨਹੀਂ ਅਜੇ ਤੱਕ ਆਪਣੇ ਪੱਧਰ ’ਤੇ ਕਦੇ ਪੰਜਾਬ ਵਿੱਚ ਚੋਣ ਲੜਨ ਦੀ ਹਿੰਮਤ ਨਾ ਕਰ ਸਕੀ ਭਾਰਤੀ ਜਨਤਾ ਪਾਰਟੀ ਵੀ ਤਗੜੀ ਹੋਈ ਦਿੱਸ ਰਹੀ ਹੈ ਤੇ 25 ਸਾਲ ਪੁਰਾਣਾ ਗਠਜੋੜ ਤੋੜ ਕੇ ਨਵੀਆਂ ਸਥਾਪਤ ਹੋਈਆਂ ਪਾਰਟੀਆਂ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਭਾਈਵਾਲ ਕਰਕੇ ਨਵਾਂ ਗਠਜੋੜ ਕੀਤਾ ਤੇ ਚੋਣਾਂ ਵਿੱਚ ਉਤਰੀ। ਦੂਜੇ ਪਾਸੇ ਹਾਸ਼ੀਏ ’ਤੇ ਜਾ ਚੁੱਕੀ ਬਹੁਜਨ ਸਮਾਜ ਪਾਰਟੀ ਨੂੰ ਅਕਾਲੀ ਦਲ ਨਾਲ ਗਠਜੋੜ ਕਰਕੇ ਸਾਹ ਆਇਆ।
ਕੈਪਟਨ ਸਰਕਾਰ ਦੇ ਚਾਰ ਸਾਲ ਪੂਰੇ ਹੋਣ ’ਤੇ 2022 ਦੀ ਸਰਕਾਰ ਦੀ ਸਥਿਤੀ ਕਾਫੀ ਸਪਸ਼ਟ ਸੀ ਤੇ ਇਹ ਮੰਨਿਆ ਜਾਣ ਲੱਗਿਆ ਸੀ ਕਿ ਪੰਜਾਬ ਵਿੱਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ ਪਰ 2021 ਵਿੱਚ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਅਤੇ ਕਿਸਾਨ ਅੰਦੋਲਨ ਕਾਰਨ ਹਾਲਾਤ ਅਜਿਹੇ ਬਣੇ ਕਿ ਸੂਬੇ ਦੀ ਸਿਆਸਤ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਗਈ। ਅਜਿਹੇ ਵਿੱਚ ਸਾਰਿਆਂ ਨੂੰ ਨਵੇਂ ਸਿਰਿਓਂ ਗੋਟੀਆਂ ਫਿੱਟ ਕਰਨੀਆਂ ਪੈ ਗਈਆਂ। ਅਜੋਕੇ ਹਾਲਾਤ ਇਹ ਬਣ ਗਏ ਕਿ ਕਿ ਕਈ ਸਿੱਖ ਚਿਹਰੇ ਸ਼ਾਮਲ ਹੋਣ ਦੇ ਨਾਲ ਭਾਜਪਾ ਆਪਣੇ ਗਠਜੋੜ ਦੇ ਨਾਲ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁਕਾਬਲੇ ਵਿੱਚ ਆ ਗਈ। ਇਸ ਵੇਲੇ ਜਿਆਦਾਤਰ ਸੀਟਾਂ ’ਤੇ ਚਾਰਕੋਣੇ ਫਸਵੇਂ ਮੁਕਾਬਲੇ (Multi corner contest) ਬਣੇ ਹੋਏ ਹਨ (Single party of alliance)।
ਮੌਜੂਦਾ ਹਾਲਾਤ ਵਿੱਚ ਕੋਈ ਇੱਕ ਪਾਰਟੀ ਸਿੱਧੇ ਤੌਰ ’ਤੇ ਸਰਕਾਰ ਬਣਾਉਣ ਲਈ ਲੋੜੀਂਦੇ ਅੰਕੜੇ ਤੱਕ ਨਹੀਂ ਪੁੱਜ ਸਕੇਗੀ। ਅਜਿਹੇ ਵਿੱਚ ਸਰਕਾਰ ਕਿਵੇਂ ਬਣੇਗੀ, ਇਹ ਆਪਣੇ ਆਪ ਵਿੱਚ ਅਹਿਮ ਸੁਆਲ ਹੈ ਪਰ ਸਿਆਸਤਦਾਨਾਂ ਦੀ ਬਿਆਨਬਾਜੀ ਤੇ ਝੁਕਾਅ ਤੋਂ ਇਲਾਵਾ ਰਾਜਸੀ ਹਾਲਾਤ ਕਾਫੀ ਕੁਝ ਇਸ਼ਾਰਾ ਕਰਦੇ ਹਨ। ਕੁਝ ਸਮੀਕਰਣ ਸਰਕਾਰ ਬਣਾਉਣ ਲਈ ਢੁੱਕਵੇਂ ਸਾਬਤ ਹੋ ਸਕਦੇ ਹਨ (How the punjab govt will form in multiple contest?) ।
ਕਾਂਗਰਸ:
ਪਾਰਟੀ ਨੇ ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਮੁੱਖ ਮੰਤਰੀ ਦੀ ਕੁਰਸੀ ’ਤੇ ਦਲਿਤ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਿਠਾ ਕੇ ਅਤੇ ਮੁੜ ਮੁੱਖ ਮੰਤਰੀ ਚਿਹਰਾ ਐਲਾਨ ਕੇ ਦਲਿਤਾਂ ਨੂੰ ਆਪਣੇ ਹੱਕ ਵਿੱਚ ਕਰਨ ਦਾ ਮਾਸਟਰ ਸਟ੍ਰੋਕ ਖੇਡਿਆ ਪਰ ਨਜਾਇਜ ਮਾਈਨਿੰਗ ਕਾਰਨ ਸਰਕਾਰ ਦੀ ਭੰਡੀ ਵੀ ਹੋ ਰਹੀ ਹੈ। ਅਜਿਹੇ ਵਿੱਚ ਕਾਂਗਰਸ 59 ਦਾ ਅੰਕੜਾ ਛੂਹ ਸਕੇਗੀ, ਇਹ ਕਹਿਣਾ ਮੁਸ਼ਕਲ ਹੈ। ਹਾਲਾਂਕਿ ਪਾਰਟੀ ਨੇ 2017 ਵਿੱਚ 79 ਸੀਟਾਂ ਜਿੱਤੀਆਂ ਸੀ ਤੇ ਚੰਨੀ ਦੇ ਚਾਰ ਮਹੀਨੇ ਦੇ ਕੰਮ ਤੇ ਫੈਸਲਿਆਂ ਕਾਰਨ ਪਾਰਟੀ ਮੁੜ ਸੱਤਾ ਵਿੱਚ ਆਉਣ ਪ੍ਰਤੀ ਆਸਵੰਦ ਹੈ। ਕਾਂਗਰਸ ਆਪਣੇ ਦਮ ’ਤੇ ਸਰਕਾਰ ਬਣਾ ਸਕਦੀ ਹੈ ਪਰ ਕਿਸੇ ਦੂਜੀ ਧਿਰ ਨਾਲ ਚੋਣ ਉਪਰੰਤ ਇਸ ਦਾ ਗਠਜੋੜ ਹੋਣ ਦੀਆਂ ਸੰਭਾਵਨਾ ਨਾ ਦੇ ਬਰਾਬਰ ਹਨ।
ਅਕਾਲੀ-ਬਸਪਾ ਗਠਜੋੜ:
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਕਰਕੇ ਚੋਣ ਲੜ ਰਹੇ ਹਨ। ਕਿਸਾਨ ਅੰਦੋਲਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੋਂ ਲੋਕ ਖਫਾ ਰਹੇ ਤੇ ਅਕਾਲੀ ਆਗੂਆਂ ਦਾ ਕਈ ਥਾਈਂ ਵਿਰੋਧ ਵੀ ਹੋਇਆ ਪਰ ਬਹੁਜਨ ਸਮਾਜ ਪਾਰਟੀ ਨੂੰ ਨਾਲ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਦਲਿਤਾਂ ਅਤੇ ਬਸਪਾ ਦਾ ਕਾਡਰ ਵੋਟ ਨਾਲ ਜੋੜਨ ਦੀ ਵੱਡੀ ਕੋਸ਼ਿਸ਼ ਕੀਤੀ ਹੈ। ਉਂਜ 2017 ਦੀਆਂ ਚੋਣਾਂ ਤੋਂ ਬਾਅਦ ਤੋਂ ਹੀ ਸੁਖਬੀਰ ਸਿੰਘ ਬਾਦਲ ਮੁੜ ਮੈਦਾਨ ਵਿੱਚ ਡਟ ਗਏ ਸੀ ਤੇ ਮਾਹਰਾਂ ਦੀ ਮੰਨੀਏ ਤਾਂ ਪਿਛਲੀ ਵਾਰ ਨਾਲੋਂ ਇਸ ਵਾਰ ਅਕਾਲੀ ਦਲ ਦੀ ਸਥਿਤੀ ਮਜਬੂਤ ਹੈ ਪਰ ਸੱਤਾ ਤੱਕ ਪਹੁੰਚਣਾ ਅਜੇ ਮੁਸ਼ਕਲ ਜਾਪ ਰਿਹਾ ਹੈ।
ਆਮ ਆਦਮੀ ਪਾਰਟੀ:
ਪੂਰੀ ਲਹਿਰ ਹੋਣ ਦੇ ਬਾਵਜੂਦ 2017 ਵਿੱਚ ਆਮ ਆਦਮੀ ਪਾਰਟੀ 20 ਸੀਟਾਂ ਹਾਸਲ ਕਰ ਸਕੀ ਸੀ। ਪਾਰਟੀ ਦੇ 9 ਵਿਧਾਇਕ ਸਾਥ ਛੱਡ ਗਏ ਪਰ ਅਰਵਿੰਦ ਕੇਜਰੀਵਾਲ ਨੇ ਉਮੀਦ ਨਹੀਂ ਛੱਡੀ। ਮੁੜ ਆਸ ਜਗਾਈ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਿਆ। ਪਾਰਟੀ ਫੇਰ ਹੇਠਲੇ ਪੱਧਰ ’ਤੇ ਪਕੜ ਬਣਾਉਣ ਵਿੱਚ ਕਾਮਯਾਬ ਹੋਈ ਦਿਸ ਰਹੀ ਹੈ ਤੇ ਮਾਲਵੇ ਤੋਂ ਹੀ ਆਸਵੰਦ ਹੈ। ਮਾਲਵੇ ਦੀਆਂ 69 ਸੀਟਾਂ ’ਤੇ ਹੂਂਝਾ ਫੇਰੂ ਜਿੱਤ ਤੋਂ ਬਗੈਰ ਪੰਜਾਬ ਦੀ ਸੱਤਾ ਹਾਸਲ ਨਹੀਂ ਕੀਤੀ ਜਾ ਸਕਦੀ ਤੇ ਦੋਆਬੇ ਅਤੇ ਮਾਝੇ ਵਿੱਚੋਂ ਵੀ ਸੀਟਾਂ ਜਿੱਤਣੀਆਂ ਜਰੂਰੀ ਹਨ ਪਰ ਅਜਿਹਾ ਹੁੰਦਾ ਨਹੀਂ ਦਿਸ ਰਿਹਾ ਮਾਝੇ ਤੇ ਦੋਆਬੇ ਵਿੱਚ ਅਕਾਲੀ ਦਲ ਅਤੇ ਭਾਜਪਾ ਮਜਬੂਤ ਸਥਿਤੀ ਵਿੱਚ ਹਨ। ਮਾਲਵੇ ਵਿੱਚ ਹੀ ਲਗਭਗ ਅੱਧੀਆਂ ਥਾਵਾਂ ’ਤੇ ਚਾਰਕੋਣਾ ਮੁਕਾਬਲਾ ਬਣਿਆ ਹੋਇਆ ਹੈ ਤੇ ਅਜਿਹੇ ਵਿੱਚ ਇਹ ਸਪਸ਼ਟ ਨਹੀਂ ਹੈ ਕਿ ਊਠ ਕਿਸ ਕਰਵਟ ਬੈਠੇਗਾ। ਇਸ ਪਾਰਟੀ ਨਾਲ ਵੀ ਕਿਸੇ ਹੋਰ ਪਾਰਟੀ ਦਾ ਚੋਣ ਉਪਰੰਤ ਗਠਜੋੜ ਸੰਭਵ ਨਹੀਂ ਦਿਸ ਰਿਹਾ।
ਭਾਜਪਾ-ਪੀਐਲਸੀ-ਅਕਾਲੀ ਦਲ ਸੰਯੁਕਤ ਗਠਜੋੜ:
ਭਾਜਪਾ ਨਵੇਂ ਸਿਰੇ ਤੋਂ ਗਠਜੋੜ ਨਾਲ ਚੋਣ ਮੈਦਾਨ ਵਿੱਚ ਹੈ। ਕਿਸਾਨ ਅੰਦੋਲਨ ਕਰਕੇ ਪਾਰਟੀ ਪ੍ਰਤੀ ਲੋਕਾਂ ਵਿੱਚ ਖਾਸ ਕਰਕੇ ਦਿਹਾਤੀ ਖੇਤਰਾਂ ਵਿੱਚ ਕੋਈ ਹਮਦਰਦੀ ਨਹੀਂ ਬਣੀ ਹੈ, ਹਾਲਾਂਕਿ ਕਈ ਸਿੱਖ ਚਿਹਰੇ ਜੋੜਨ ਵਿੱਚ ਪਾਰਟੀ ਕਾਮਯਾਬ ਰਹੀ ਹੈ। ਸ਼ਹਿਰੀ ਖੇਤਰਾਂ ਵਿੱਚ ਭਾਜਪਾ ਮਜਬੂਤ ਹੋ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਲੋਕ ਕਾਂਗਰਸ ਪਿੱਛੇ ਭਾਵੇਂ ਵੱਡਾ ਚਿਹਰਾ ਕੈਪਟਨ ਅਮਰਿੰਦਰ ਸਿੰਘ ਹਨ ਪਰ ਇਹ ਪਾਰਟੀ ਸੀਟਾਂ ਜਿੱਤਣ ਨਾਲੋਂ ਜਿਆਦਾ ਕਾਂਗਰਸ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਵੀ ਇੰਨੀ ਮਜਬੂਤੀ ਨਹੀਂ ਪਕੜ ਸਕੀ ਪਰ ਕਈ ਸੀਟਾਂ ’ਤੇ ਪੰਥਕ ਵਿਚਾਰਧਾਰਾ ਵਾਲੇ ਵੋਟ ਬੈਂਕ ਵਿੱਚ ਸੰਨ੍ਹ ਲਗਾ ਸਕੇਗੀ। ਇਹ ਗਠਜੋੜ ਸਿੱਧੇ ਤੌਰ ’ਤੇ ਸਰਕਾਰ ਬਣਾਉਂਦਾ ਪ੍ਰਤੀਤ ਨਹੀਂ ਹੁੰਦਾ।
ਕਿਵੇਂ ਬਣੇਗੀ ਸਰਕਾਰ?
ਕਿਸੇ ਇੱਕ ਪਾਰਟੀ ਨੂੰ ਸਰਕਾਰ ਬਣਾਉਣ ਲਈ ਲੋੜੀਂਦਾ 59 ਵਿਧਾਇਕਾਂ ਦਾ ਅੰਕੜਾ ਪ੍ਰਾਪਤ ਨਹੀਂ ਹੋਇਆ ਤਾਂ ਚੋਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਵੱਡਾ ਬਦਲ ਬਣ ਸਕਦਾ ਹੈ, ਉਹ ਵੀ ਤਾਂ ਜੇਕਰ ਪਾਰਟੀ ਚੰਗੀਆਂ ਸੀਟਾਂ ਹਾਸਲ ਕਰਦੀ ਹੈ। ਹਾਲਾਂਕਿ ਚੋਣ ਉਪਰੰਤ ਗਠਜੋੜ ਲਈ ਕੋਈ ਵੀ ਪਾਰਟੀ ਆਪਣੇ ਪੱਤੇ ਅਜੇ ਨਹੀਂ ਖੋਲ੍ਹੇਗੀ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਪੁਰਾਣੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਸਾਥ ਮਿਲ ਸਕਦਾ ਹੈ ਤੇ ਅਕਾਲੀ ਦਲ ਸੰਯੁਕਤ ਵੀ ਹੱਥ ਮਿਲਾ ਸਕਦਾ ਹੈ। ਭਾਜਪਾ ਨਾਲ ਚੋਣ ਉਪਰੰਤ ਗਠਜੋੜ ਦੇ ਸੰਕੇਤ ਕਈ ਪਾਸਿਓਂ ਮਿਲਦੇ ਹਨ।
ਅਸਤੀਫੇ ਨੂੰ ਦੱਸਿਆ ਸੀ ਢੋਂਗ
1.ਪਹਿਲਾ ਇਹ ਕਿ ਵਿਰੋਧੀ ਪਾਰਟੀਆਂ ਇਹ ਦੋਸ਼ ਲਗਾਉਂਦੀਆਂ ਆਈਆਂ ਹਨ ਕਿ ਕਿਸਾਨ ਅੰਦੋਲਨ ਵੇਲੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰਾਲੇ ਤੋਂ ਅਸਤੀਫਾ ਇਸ ਲਈ ਦਿੱਤਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿੱਚ ਗਰਾਫ ਦਿਨੋ ਦਿਨ ਡਿੱਗਦਾ ਜਾ ਰਿਹਾ ਸੀ ਤੇ ਅਸਤੀਫਾ ਭਾਜਪਾ ਨਾਲ ਸਹਿਮਤੀ ਨਾਲ ਦਿੱਤਾ ਗਿਆ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਅਸਤੀਫਾ ਦੇਣ ਪਿੱਛੇ ਕਿਸਾਨਾਂ ਦੇ ਹੱਕ ਵਿੱਚ ਨਿਤਰਣ ਨੂੰ ਮੁੱਖ ਕਾਰਨ ਦੱਸਦਾ ਰਿਹਾ ਪਰ ਵਿਰੋਧੀਆਂ ਦਾ ਮੰਨਣਾ ਸੀ ਕਿ ਇਹ ਢੋਂਗ ਹੈ ਤੇ ਕਿਸਾਨਾਂ ਵੱਲੋਂ ਵਿਰੋਧ ਹੁੰਦੇ ਵੇਖ ਹੀ ਅਸਤੀਫਾ ਦਿੱਤਾ।
ਬਾਦਲ ਪਰਿਵਾਰ ਨਾਲ ਭਾਜਪਾ ਦੀਆਂ ਨਜ਼ਦੀਕੀਆਂ
2.ਦੂਜਾ ਭਾਜਪਾ ਨਾਲ ਅਜੇ ਵੀ ਬਾਦਲ ਪਰਿਵਾਰ ਦੀਆਂ ਨਜਦੀਕੀਆਂ ਸਪਸ਼ਟ ਦਿਸਦੀਆਂ ਹਨ। ਪਿਛਲੇ ਸਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਫੋਨ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਇਸ ਵਾਰ ਜਦੋਂ ਬਾਦਲ ਨੂੰ ਕੋਰੋਨਾ ਹੋਇਆ ਤਾਂ ਪੀਐਮ ਮੋਦੀ ਨੇ ਉਨ੍ਹਾਂ ਨਾਲ ਫੋਨ ’ਤੇ ਗੱਲਬਾਤ ਕਰਕੇ ਸਿਹਤ ਬਾਰੇ ਪੁੱਛਿਆ ਸੀ। ਅਜਿਹੇ ਵਿੱਚ ਦੋਵਾਂ ਵਿਚਾਲੇ ਨਜਦੀਕੀਆਂ ਅਜੇ ਵੀ ਬਣੀਆਂ ਹੋਈਆਂ ਹਨ, ਜਿਹੜੀਆਂ ਚੋਣ ਉਪਰੰਤ ਗਠਜੋੜ ਲਈ ਸਹਾਈ ਸਾਬਤ ਹੋ ਸਕਦੀਆਂ ਹਨ।
ਸਿੱਖਾਂ ਬਾਰੇ ਫੈਸਲੇ
3.ਤੀਜਾ ਪੀਐਮ ਮੋਦੀ ਨੇ ਛੋਟੇ ਸਾਹਿਬਜਾਦਿਆਂ ਦੀ ਯਾਦ ਵਿੱਚ ਹਰ ਸਾਲ ਬਾਲ ਵੀਰ ਦਿਵਸ ਮਨਾਉਣ ਦਾ ਐਲਾਨ ਕੀਤਾ। ਇਸ ਦੀ ਚੁਫੇਰਿਓਂ ਸ਼ਲਾਘਾ ਹੋਈ ਤੇ ਮੁੰਬਈ ਤੋਂ ਇੱਕ ਸੰਬੋਧਨ ਵਿੱਚ ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਖਾਲਸਾ ਨੇ ਨਾ ਸਿਰਫ ਪੀਐਮ ਮੋਦੀ ਦਾ ਧੰਨਵਾਦ ਕੀਤਾ, ਸਗੋਂ ਉਨ੍ਹਾਂ ਦੀ ਉਸਤਤ ਵੀ ਕੀਤੀ। ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਪੀਐਮ ਮੋਦੀ ਦੀ ਸ਼ਲਾਘਾ ਕੀਤੀ, ਉਹ ਦਿੱਲੀ ਦੇ ਵੱਡੇ ਸਿੱਖ ਚਿਹਰੇ ਹਨ। ਸਿੱਖਾਂ ਵਿੱਚ ਪੈਠ ਬਣਾਉਣ ਕਾਰਨ ਭਾਜਪਾ ਨਾਲ ਮੁੜ ਹੱਥ ਮਿਲਾਉਣ ’ਤੇ ਅਕਾਲੀ ਦਲ ਨੂੰ ਕਿਸੇ ਤਰ੍ਹਾਂ ਦੀ ਝਿਜਕ ਨਹੀਂ ਰਹੇਗੀ।
ਇਹ ਵੀ ਪੜ੍ਹੋ:Punjab Assembly Election 2022: ਪੰਜਾਬ ਜਿੱਤਣ ਲਈ ਸਟਾਰ ਪ੍ਰਚਾਰਕਾਂ ਸਣੇ ਪਰਿਵਾਰਿਕ ਮੈਂਬਰ ਵੀ ਚੋਣ ਮੈਦਾਨ ’ਚ