ਚੰਡੀਗੜ੍ਹ : ਪੰਜਾਬ ਦੇ ਸਿਹਤ 'ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮਕਾਨ ਉਸਾਰੀ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨਾਲ ਮੁਲਾਕਾਤ ਕੀਤੀ। ਇਥੇ ਉਨ੍ਹਾਂ ਨੇ ਮੋਹਾਲੀ ਨੇੜਲੇ ਪਿੰਡਾਂ ਦੇ ਕਿਸਾਨਾਂ ਦੀਆਂ ਲੈਂਡ ਪਿੂਗ ਅਤੇ ਹੋਰਨਾਂ ਅਹਿਮ ਮੰਗਾਂ ,ਸ਼ਹਿਰ ਦੇ ਵੱਖ- ਵੱਖ ਸੈਕਟਰਾਂ ਅਤੇ ਪਿੰਡਾਂ ਦੇ ਬਸ਼ਿੰਦਿਆਂ ਦੀਆਂ ਬੁਨਿਆਦੀ ਸਹੂਲਤਾਂ ਸਬੰਧੀ ਸਮੱਸਿਆਵਾਂ ਦਾ ਹੱਲ ਕਰਵਾਇਆ।
ਦੋਹਾਂ ਮੰਤਰੀਆਂ ਵਿਚਾਲੇ ਇਹ ਮੀਟਿੰਗ ਕਰੀਬ ਢਾਈ ਘੰਟੇ ਚੱਲੀ। ਇਸ ਮੀਟਿੰਗ ਦੇ ਦੌਰਾਨ ਸਿੱਧੂ ਦੀ ਅਗਵਾਈ 'ਚ ਵੱਖ-ਵੱਖ ਪਿੰਡਾਂ ਦੇ ਸੈਂਕੜੇ ਕਿਸਾਨਾਂ ਅਤੇ ਸ਼ਹਿਰ ਵਾਸੀਆਂ ਨੇ ਮਕਾਨ ਉਸਾਰੀ ਮੰਤਰੀ ਅੱਗੇ ਆਪਣੀਆਂ ਮੰਗਾਂ ਰੱਖੀਆਂ ਅਤੇ ਇਸ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ ਅਤੇ ਐੱਸ.ਏ.ਐੱਸ. ਨਗਰ ਦੇ ਡਿਪਟੀ ਕਮਿਸ਼ਨਰ-ਕਮ-ਮੁੱਖ ਪ੍ਰਸ਼ਾਸਕ ਗਮਾਡਾ ਗਿਰੀਸ਼ ਦਿਆਲਨ, ਸੀਨੀਅਰ ਟਾਊਨ ਪਲਾਨਰ ਗਮਾਡਾ ਪੰਕਜ ਬਾਵਾ ਅਤੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਅਤੇ ਹੋਰਨਾਂ ਅਧਿਕਾਰੀਆਂ ਦੀ ਹਾਜ਼ਰ ਰਹੇ।
ਇਸ ਦੌਰਾਨ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਮਿਲੇ ਵਫ਼ਦ ਨੇ ਈਕੋ ਸਿਟੀ ਦੀ ਤਰਜ਼ ਉਤੇ ਏਅਰੋਸਿਟੀ, ਆਈ.ਟੀ. ਸਿਟੀ ਅਤੇ 88-89 ਸੈਕਟਰਾਂ ਵਿੱਚ ‘ਪ੍ਰਾਈਮ ਲੋਕੇਸ਼ਨ ਚਾਰਜਿਜ਼’ ਮੁਆਫ ਕਰਨ ਦੀ ਮੰਗ ਕੀਤੀ ਗਾਈ, ਜਿਸ ਉੱਤੇ ਦੋਹਾਂ ਮੰਤਰੀਆਂ ਨੇ ਸਹਿਮਤੀ ਪ੍ਰਗਟਾਈ। ਇਸ ਤੋਂ ਇਲਾਵਾ ਕੈਬਨਿਟ ਮੰਤਰੀਆਂ ਨੇ ਪਿੰਡ ਬਾਕਰਪੁਰ ਦੇ ਕਿਸਾਨਾਂ ਨੂੰ ਏਅਰੋਸਿਟੀ ਦੇ ਸੀ ਤੇ ਡੀ ਬਲਾਕ ਵਿੱਚ 100 ਗਜ਼ ਕਵਰਡ ਏਰੀਆ ਵਾਲੇ ਕਮਰਸ਼ੀਅਲ ਪਲਾਟ ਦੇਣ ਦਾ ਵੀ ਫੈਸਲਾ ਕੀਤਾ ਗਿਆ। ਇਸ ਤੋਂ ਪਹਿਲਾਂ ਸਰਕਾਰ ਵੱਲੋਂ ਪਾਰਕਿੰਗ ਸਮੇਤ 121 ਵਰਗ ਗਜ਼ ਦਾ ਕਮਰਸ਼ੀਅਲ ਪਲਾਟ ਦਿੱਤਾ ਜਾ ਰਿਹਾ ਸੀ, ਜਿਸ ਵਿੱਚੋਂ ਕਵਰਡ ਏਰੀਆ ਤਕਰੀਬਨ 60 ਗਜ਼ ਹੀ ਬਣਦਾ ਸੀ।
ਹੋਰ ਪੜ੍ਹੋ: ਕੈਪਟਨ ਨੇ ਡੇਰਾ ਬਿਆਸ ਮੁਖੀ ਦੀ ਪਤਨੀ ਸ਼ਬਨਮ ਢਿੱਲੋਂ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
ਈਕੋ ਸਿਟੀ ਕਿਸਾਨ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਅਜੀਤ ਸਿੰਘ ਤੇ ਹੋਰਾਂ ਵੱਲੋਂ ਰੱਖੀ ਮੰਗ ਉਤੇ ਲੈਂਡ ਪਿੂਗ ਦੇ ਪਲਾਟਾਂ ਦੇ ਪਰਿਵਾਰਕ ਤਬਾਦਲੇ ਦੌਰਾਨ ਨਿਰਮਾਣ ਸਮੇਂ ਵਿੱਚ ਰਿਆਇਤ ਤਿੰਨ ਦੀ ਥਾਂ ਪੰਜ ਸਾਲ ਕਰਨ ਦਾ ਫੈਸਲਾ ਹੋਇਆ। ਸਰਕਾਰੀਆ ਨੇ ਲੈਂਡ ਪਿੂਗ ਪਲਾਟਾਂ ਦੀ ਰਜਿਸਟਰੇਸ਼ਨ ਅਤੇ ਹੋਰ ਖਰਚਿਆਂ ’ਤੇ 3 ਫ਼ੀਸਦੀ ਫ਼ੀਸ ਨੂੰ ਵੀ ਮੁਆਫ਼ ਕਰਨ ਉਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਪਿੰਡ ਬਾਕਰਪੁਰ, ਸੋਹਾਣਾ, ਮੌਲੀ ਬੈਦਵਾਣ, ਲਖਨੌਰ ਅਤੇ ਚਾਚੋ ਮਾਜਰਾ ਵਿੱਚ ਸੀਵਰੇਜ ਦਾ ਪੱਧਰ ਨਵੇਂ ਸੈਕਟਰਾਂ ਮੁਤਾਬਕ ਕਰਨ ਤੇ ਹੋਰ ਬੁਨਿਆਦੀ ਸਹੂਲਤਾਂ ਦੇਣ ਦਾ ਵੀ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਪ੍ਰਾਪਰਟੀ ਡੀਲਰਾਂ ਦੀਆਂ ਵੱਖ ਵੱਖ ਐਸੋਸੀਏਸ਼ਨਾਂ ਦੇ ਵਫ਼ਦ ਨੇ ਹਰਿਆਣਾ ਦੀ ਤਰਜ਼ ਉਤੇ ਸ਼ਹਿਰ ਦੇ 3370 ਬੂਥ ਤੇ ਸਿੰਗਲ ਸਟੋਰੀ ਦੁਕਾਨਾਂ ਉਤੇ ਪਹਿਲੀ ਮੰਜ਼ਿਲ ਬਣਾਉਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ, ਜਿਸ ਲਈ ਉਨਾਂ ਬਣਦੀ ਫੀਸ ਵੀ ਸਰਕਾਰ ਨੂੰ ਦੇਣ ਲਈ ਵੀ ਸਹਿਮਤੀ ਪ੍ਰਗਟਾਈ। ਇਸ ਮੰਗ ਉਤੇ ਮਕਾਨ ਉਸਾਰੀ ਮੰਤਰੀ ਨੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਮੰਤਰੀਆਂ ਨੇ ਸ਼ਹਿਰ ਵਾਸੀਆਂ ਦੀ ਮੰਗ ’ਤੇ ਅਕਾਲ ਆਸ਼ਰਮ ਕਾਲੋਨੀ ਅਤੇ ਗਰੀਨ ਐਨਕਲੇਵ ਨੂੰ ਵੀ ਰੈਗੂਲਰ ਕਰਨ ਉਤੇ ਵੀ ਚਰਚਾ ਕੀਤੀ।
ਕੈਬਨਿਟ ਮੰਤਰੀਆਂ ਨੇ ਪੰਚਮ ਸੁਸਾਇਟੀ ਵਿਚਲੇ ਫਲੈਟਾਂ ਦੇ ਬਸ਼ਿੰਦਿਆਂ ਨੂੰ ਸਾਲ 2006 ਤੋਂ ਰਹਿੰਦਾ ਸਰਕਾਰੀ ਬਕਾਇਆ ਭਰਨ ਮਗਰੋਂ ਮਾਲਕਾਨਾ ਹੱਕ ਦੇਣ ਦਾ ਵੀ ਭਰੋਸਾ ਦਿਵਾਇਆ। ਇਸ ਦੌਰਾਨ ਵੱਖ ਵੱਖ ਸੈਕਟਰਾਂ ਦੀਆਂ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੀਆਂ ਸਮੱਸਿਆਵਾਂ ਨੂੰ ਵੀ ਪਹਿਲ ਦੇ ਆਧਾਰ ਉਤੇ ਹੱਲ ਕਰਨ ’ਤੇ ਵਿਚਾਰ ਕੀਤੀ ਗਈ। ਇਸ ਮੌਕੇ ਤਜਿੰਦਰ ਪੂਨੀਆ, ਭਗਤ ਸਿੰਘ ਨਾਮਧਾਰੀ, ਹਰਦਿਆਲ ਚੰਦ ਬਡਬਰ, ਪੰਚਮ ਸੁਸਾਇਟੀ ਦੇ ਵਿਨੀਤ ਮਲਿਕ, ਅਮਨਪ੍ਰੀਤ ਵਿਕਟਰ ਅਤੇ ਸੁੱਚਾ ਸਿੰਘ ਕਲੌੜ ਹਾਜ਼ਰ ਸਨ।